ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਗ੍ਰਿਫਤਾਰ ਕੀਤੇ ਤਿੰਨ ਸਾਥੀਆਂ ਦੀ ਰਿਹਾਈ ਲਈ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਧਮਕੀ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੇ ਵਾਰਸ ਹਨ। ਜੇਕਰ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਿਆਸੀ ਮੌਤ ਲਈ ਤਿਆਰ ਰਹੋ।
ਪੰਨੂ ਦੀ ਇਹ ਧਮਕੀ ਸ਼ੁੱਕਰਵਾਰ ਨੂੰ ਜਗਦੀਸ਼ ਸਿੰਘ, ਮਨਜੀਤ ਸਿੰਘ ਅਤੇ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਕੁਝ ਘੰਟੇ ਬਾਅਦ ਆਈ ਹੈ। ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸੀਐਮ ਮਾਨ ਦੀ ਸਰਕਾਰ ਨੇ ਦਿਲਾਵਰ ਸਿੰਘ ਦੇ ਤਿੰਨ ਵਾਰਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਰ ਉਨ੍ਹਾਂ 'ਤੇ ਝੂਠਾ ਕੇਸ ਦਰਜ ਕੀਤਾ ਗਿਆ। ਪੰਨੂ ਨੇ ਚੇਤਾਵਨੀ ਦਿੱਤੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਸਿੱਖਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਵਿੱਚ ਮਦਦ ਕੀਤੀ।
ਪੰਨੂ ਨੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਤਿੰਨਾਂ ਨੌਜਵਾਨਾਂ ਨੂੰ 15 ਫਰਵਰੀ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣਗੇ।
ਪਹਿਲਾਂ ਵੀ ਦੇ ਚੁੱਕੇ ਧਮਕੀਆਂ
ਪੰਨੂ ਪਹਿਲਾਂ ਵੀ ਦੇਸ਼ ਅਤੇ ਸੂਬੇ ਦੇ ਆਗੂਆਂ ਨੂੰ ਅਜਿਹੀਆਂ ਧਮਕੀਆਂ ਦੇ ਚੁੱਕਿਆ ਹੈ। ਹਾਲ ਹੀ ਵਿੱਚ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ 26 ਜਨਵਰੀ ਨੂੰ ਸੀਐਮ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਜਿਸ ਵਿੱਚ ਉਨ੍ਹਾਂ ਸਾਫ਼ ਕਿਹਾ ਕਿ ਜਿੱਥੇ ਵੀ ਸੀਐਮ ਭਗਵੰਤ ਮਾਨ ਤਿਰੰਗਾ ਲਹਿਰਾਉਣਗੇ, ਉੱਥੇ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।