ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੌਥੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿਚ ਪ੍ਰਣਾਮ ਕੀਤਾ।
ਐਕਸ ਉਤੇ ਕੀਤਾ ਟਵੀਟ
ਇਸ ਸਬੰਧੀ ਉਨ੍ਹਾਂ ਨੇ ਐਕਸ ਉਤੇ ਟਵੀਟ ਕਰਦੇ ਹੋਏ ਲਿਖਿਆ ਕਿ ਸੋਢੀ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ। ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਹਮੇਸ਼ਾ ਉਸ ਸੱਚੇ ਵਾਹਿਗੁਰੂ ਦੇ ਲੜ ਲੱਗਣ ਤੇ ਉਹਨਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਆ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਜੀਵਨ
ਗੁਰੂ ਰਾਮਦਾਸ ਜੀ ਦਾ ਜਨਮ ਪਿਤਾ ਹਰਿਦਾਸ ਦੇ ਗ੍ਰਿਹ ਵਿਖੇ ਮਾਤਾ ਦਿਆ ਕੌਰ ਦੀ ਕੁੱਖੋਂ ਪਿੰਡ ਚੂਨਾ ਮੰਡੀ, ਜ਼ਿਲ੍ਹਾ ਲਾਹੌਰ, ਪਾਕਿਸਤਾਨ ਵਿੱਚ 24 ਸਤੰਬਰ 1534 ਈਸਵੀ ਨੂੰ ਹੋਇਆ । ਬਚਪਨ ਤੋਂ ਹੀ ਆਪ ਭਾਈ ਜੇਠਾ ਜੀ ਦੇ ਨਾਂ ਨਾਲ ਜਾਣੇ ਜਾਂਦੇ ਸਨ । ਬਚਪਨ ਤੋਂ ਹੀ ਆਪ ਆਪਣੇ ਨਾਨਕੇ ਪਿੰਡ ਰਹੇ ਸਨ । ਕਿਉਂਕਿ ਆਪ ਦੇ ਮਾਤਾ-ਪਿਤਾ ਆਪ ਦੀ ਬਾਲ ਅਵਸਥਾ ਵਿੱਚ ਸੱਤ ਸਾਲਾਂ ਦੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ । ਇਸ ਲਈ ਆਪ ਦੀ ਨਾਨੀ ਆਪ ਨੂੰ ਆਪ ਦੇ ਮਾਤਾ-ਪਿਤਾ ਦੇ ਅਕਾਲ ਚਲਾਣਾ ਕਰਨ ਪਿੱਛੋਂ ਆਪਣੇ ਨਾਲ ਆਪ ਦੇ ਨਾਨਕੇ ਪਿੰਡ ਬਾਸਰਕੇ ਲੈ ਆਏ ਸਨ । ਪਿੰਡ ਬਾਸਰਕੇ ਦੇ ਬਹੁਤੇ ਪਰਿਵਾਰ ਗੋਇੰਦਵਾਲ ਸਾਹਿਬ ਜਾ ਵਸੇ ਸਨ । ਭਾਈ ਜੇਠਾ ਜੀ ਦਾ ਪਰਿਵਾਰ ਵੀ ਗੋਇੰਦਵਾਲ ਸਾਹਿਬ ਵਸਣ ਵਾਲੇ ਉਹਨਾਂ ਪਰਿਵਾਰਾਂ ਵਿੱਚ ਹੀ ਸੀ । ਭਾਈ ਗੋਂਦੇ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਨਗਰ ਵਸਾਉਣ ਲਈ ਫਰਿਆਦ ਕੀਤੀ ਸੀ , ਜਿਸ ਕਰਕੇ ਗੁਰੂ ਜੀ ਦੇ ਹੁਕਮਾਂ ਨਾਲ ਗੋਇੰਵਾਲ ਨਗਰ ਵਸਾਇਆ ਗਿਆ । ਇਸੇ ਕਾਰਨ ਭਾਈ ਜੇਠਾ ਜੀ ਦਾ ਗੋਇੰਦਵਾਲ ਸਾਹਿਬ 1541 ਈਸਵੀ ਵਿੱਚ ਆ ਕੇ ਵਸਣ ਦਾ ਸਬੱਬ ਬਣਿਆ ਸੀ । ਗੋਇੰਦਵਾਲ ਸਾਹਿਬ ਆ ਕੇ ਜੇਠਾ ਜੀ ਗੁਰੂ ਘਰ ਨਾਲ ਜੁੜ ਗਏ ਅਤੇ ਗੁਰੂ ਅਮਰਦਾਸ ਜੀ ਦੀ ਛਤਰਛਾਇਆ ਹੇਠ ਦਿਨ ਰਾਤ ਸੇਵਾ ਕਰਨ ਲੱਗ ਪਏ । ਇੱਥੇ ਗੁਰੂ ਅਮਰਦਾਸ ਜੀ ਦੀ ਸੰਗਤ ਕਰਦਿਆਂ ਭਾਈ ਜੇਠਾ ਜੀ ਦੀ ਸਿੱਖੀ ਪ੍ਰਤੀ ਲਗਨ ਅਤੇ ਸੇਵਾ ਭਾਵਨਾ ਨਾਲ ਗੁਰਮਤਿ ਨਾਲ ਪੂਰੀ ਤਰਾਂ ਹੀ ਜੁੜ ਗਏ ਅਤੇ ਆਪਣਾ ਜੀਵਨ ਸਿੱਖੀ ਨੂੰ ਹੀ ਪੂਰੀ ਤਰਾਂ ਸਮਰਪਿਤ ਕਰ ਦਿੱਤਾ । ਆਪ ਨੇ ਇਸ ਤਰਾਂ ਤਕਰੀਬਨ 40 ਸਾਲ ਪੂਰੀ ਸ਼ਰਧਾ ਅਤੇ ਨਿਸ਼ਠਾ ਨਾਲ ਇੱਥੇ ਰਹਿੰਦਿਆਂ ਗੁਰੂ ਘਰ ਦੀ ਸੇਵਾ ਕੀਤੀ । ਗੁਰੂ ਅਮਰ ਦਾਸ ਜੀ ਆਪ ਜੀ ਸੇਵਾ ਭਾਵਨਾ, ਨਿਮਰਤਾ ਅਤੇ ਸਿੱਖੀ ਪ੍ਰਤੀ ਅਥਾਹ ਪ੍ਰੇਮ ਅਤੇ ਸ਼ਰਧਾ ਤੋਂ ਇੰਨੇ ਜਿਆਦਾ ਪ੍ਰਭਾਵਿਤ ਸਨ ਕਿ ਉਹਨਾਂ ਨੇ ਭਾਈ ਜੇਠਾ ਜੀ ਨੂੰ ਗੁਰੂ ਨਾਨਕ ਦੀ ਗੱਦੀ ਦਾ ਅਸਲ ਵਾਰਿਸ ਅਨੁਭਵ ਕਰਦਿਆਂ ਚੌਥੇ ਗੁਰੂ ਵਜੋਂ 1 ਸਤੰਬਰ 1574 ਈਸਵੀ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਗੁਰੂ ਅਮਰ ਦਾਸ ਜੀ ਵੱਲੋਂ ਆਪ ਜੀ ਦਾ ਨਾਮ ਜੇਠਾ ਜੀ ਤੋਂ ਬਦਲ ਕੇ ਗੁਰੂ ਰਾਮਦਾਸ ਜੀ ਰੱਖ ਦਿੱਤਾ ।
ਗੁਰ ਇਤਿਹਾਸ ਅਨੁਸਾਰ ਦੱਸਦੇ ਹਨ ਕਿ ਇੱਕ ਦਿਨ ਗੁਰੂ ਅਮਰਦਾਸ ਜੀ ਆਪਣੀ ਧੀ ਬੀਬੀ ਭਾਨੀ ਜੀ ਦੇ ਰਿਸ਼ਤੇ ਸਬੰਧੀ ਆਪਣੀ ਪਤਨੀ ਨਾਲ ਵਿਚਾਰਾਂ ਕਰ ਰਹੇ ਸਨ ਕਿ ਅਚਾਨਕ ਉਹਨਾਂ ਦੀ ਪਤਨੀ ਦੀ ਨਿਗਾਹ ਗੁਰੂ ਘਰ ਵਿੱਚ ਸੇਵਾ ਵਿੱਚ ਮਗਨ ਭਾਈ ਜੇਠਾ ਜੀ ਉੱਪਰ ਜਾ ਪਈ ਅਤੇ ਜੇਠੇ ਵੱਲ ਇਸ਼ਾਰਾ ਕਰਦਿਆਂ ਮਾਤਾ ਜੀ ਨੇ ਸਹਿਜ ਸੁਭਾਅ ਹੀ ਕਿਹਾ ਕਿ ਉਹਨਾਂ ਦੀ ਧੀ ਭਾਨੀ ਵਾਸਤੇ ਐਸਾ ਵਰ ਹੋਵੇ । ਮਾਤਾ ਦੇ ਮੂੰਹੋਂ ਇਹ ਸੁਣਦਿਆਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਐਸਾ ਵਰ ਤਾਂ ਫੇਰ ਇਹੋ ਵਰ ਹੀ ਹੈ । ਇਸ ਤਰਾਂ ਆਪ ਦਾ ਬੀਬੀ ਭਾਨੀ ਨਾਲ 1553 ਈਸਵੀ ਨੂੰ ਵਿਆਹ ਕਰ ਦਿੱਤਾ ਗਿਆ । ਬੀਬੀ ਭਾਨੀ ਨਾਲ ਸ਼ਾਦੀ ਹੋਣ ਪਿੱਛੋਂ ਆਪ ਜੀ ਗੁਰੂ ਜੀ ਪਾਸ ਹੀ ਰਹਿਣ ਲੱਗ ਪਏ । ਆਪ ਨੇ ਗੁਰੂ ਜੀ ਪਾਸ ਦੂਸਰੇ ਅਤੇ ਤੀਸਰੇ ਗੁਰੂ ਜੀ ਦੀ ਤਰਾਂ ਗੁਰੂ ਜੀ ਦੀ ਇੰਨੀ ਜਿਆਦਾ ਸੇਵਾ ਅਤੇ ਭਗਤੀ ਕੀਤੀ ਕਿ ਗੁਰੂ ਜੀ ਨੇ ਖੁਸ਼ ਹੋ ਕੇ ਕੇ ਆਪ ਨੂੰ ਗੁਰਗੱਦੀ ਸੌਂਪ ਦਿੱਤੀ ।ਗੁਰੂ ਅਮਰਦਾਸ ਜੀ ਦੇ ਆਖਣ ਤੇ ਹੀ ਗੁਰੂ ਕਾ ਚੱਕ ਨਾਂ ਦਾ ਨਗਰ ਵਸਾਇਆ ਜੋ ਬਾਅਦ ਵਿੱਚ ਰਾਮਦਾਸਪੁਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਸੀ । ਅਕਬਰ ਬਾਦਸ਼ਾਹ ਨੇ 1577 ਈਸਵੀ ਵਿੱਚ ਗੁਰੂ ਰਾਮਦਾਸ ਜੀ ਨੂੰ 500 ਵਿੱਘੇ ਦੀ ਜਾਗੀਰ ਦੱਤੀ ਸੀ । ਗੁਰੂ ਰਾਮਦਾਸ ਜੀ ਨੇ ਇੱਥੇ ਪਵਿੱਤਰ ਸਰੋਵਰ ਬਣਵਾਇਆ ਸੀ ਜੋ ਸਥਾਨ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ ।
ਗੁਰੂ ਸਾਹਿਬ ਦੇ ਤਿੰਨਾਂ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਅਰਜਣ ਦੇਵ ਦਾ ਗੁਰਸਿੱਖੀ ਨਾਲ ਅਥਾਹ ਪ੍ਰੇਮ ਸੀ ਅਤੇ ਉਹ ਗੁਰੂ ਘਰ ਨਾਲ ਦਿਲੋਂ ਆਤਮਿਕ ਤੌਰ ਤੇ ਜੁੜੇ ਹੋਏ ਸਨ । ਗੁਰੂ ਸਾਹਿਬ ਦੀ ਸਮਝ ਅਨੁਸਾਰ ਅਰਜਣ ਦੇਵ ਦੀਨ ਦੁਨੀਆ ਦੇ ਮਾਮਲੇ ਵਿੱਚ ਵੱਧ ਯੋਗ ਸਨ ਅਤੇ ਅਧਿਆਤਮਕ ਪੱਖ ਤੋਂ ਵੀ ਉਹ ਸਰਬ-ਕਲਾ ਸੰਪੂਰਨ ਸਨ । ਇਸ ਲਈ ਗੁਰੂ ਪਿਤਾ ਨੇ ਦੋਵੇਂ ਵੱਡੇ ਪੁੱਤਰਾਂ ਨੂੰ ਅਣਗੌਲਿਆਂ ਕਰਦਿਆਂ ਸਭ ਤੋਂ ਛੋਟੇ ਪੁੱਤਰ ਅਰਜਣ ਦੇਵ ਨੂੰ ਹੀ ਉਹਨਾਂ ਤੋਂ ਬਾਦ ਅਗਲੇ ਗੁਰੂ ਦੇ ਰੂਪ ਵਿੱਚ ਯੋਗ ਸਮਝਿਆ ਅਤੇ ਗੁਰਿਆਈ ਦਾ ਤਿਲਕ ਲਗਾਇਆ । ਅਰਜਣ ਦੇਵ ਨੂੰ ਗੁਰਗੱਦੀ ਮਿਲਣ ਦਾ ਆਪ ਦੇ ਵੱਡੇ ਪੁੱਤਰ ਪਿਰਥੀਚੰਦ ਵੱਲੋਂ ਬੜਾ ਵਿਰੋਧ ਕੀਤਾ ਗਿਆ । ਪਰ “ ਤਖ਼ਤਿ ਬਹਿ ਤਖਤੈ ਕੀ ਲਾਇਕ “ ਦੇ ਮਹਾਂ ਵਾਕ ਅਨੁਸਾਰ ਗੁਰੂ ਸਾਹਿਬ ਵੱਲੋਂ ਯੋਗਤਾ ਦੀ ਕਸਵੱਟੀ ਉੱਤੇ ਪੂਰਾ ਉੱਤਰ ਰਹੇ ਅਰਜਣ ਦੇਵ ਨੂੰ 1 ਸਤੰਬਰ 1574 ਈਸਵੀ ਨੂੰ ਗੁਰਗੱਦੀ ਸੌਂਪ ਦਿੱਤੀ । ਗੁਰੂ ਅਰਜਣ ਦੇਵ ਨੂੰ ਗੁਰਗੱਦੀ ਸੌਂਪ ਕੇ ਆਪ ਗੋਇੰਦਵਾਲ ਸਾਹਿਬ ਨੂੰ ਕੂਚ ਕਰ ਗਏ । ਇੱਥੇ ਕੁੱਝ ਦਿਨ ਰਹਿਣ ਮਗਰੋਂ ਆਪ ਜੀ 1 ਸਤੰਬਰ 1581 ਈਸਵੀ ( 2 ਅੱਸੂ 1638 ਸੰਮਤ ) ਨੂੰ ਪਰਲੋਕ ਸਿਧਾਰ ਗਏ ।