ਅੱਤਵਾਦੀ ਗੁਰਪਤਵੰਤ ਪੰਨੂ ਵੱਲੋਂ ਏਅਰ ਇੰਡੀਆ ਦੀਆਂ ਉਡਾਣਾਂ ਸਬੰਧੀ ਦਿੱਤੀ ਧਮਕੀ ਤੋਂ ਬਾਅਦ ਕੈਨੇਡਾ ਸਰਕਾਰ ਨੇ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਹੈ। ਏਅਰ ਇੰਡੀਆ ਦੀਆਂ ਉਡਾਣਾਂ ਅਤੇ ਉਨ੍ਹਾਂ ਦੇ ਯਾਤਰੀਆਂ 'ਤੇ ਹਵਾਈ ਅੱਡੇ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਟੋਰਾਂਟੋ ਏਅਰਪੋਰਟ 'ਤੇ 10 ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ।
ਕੈਨੇਡਾ ਦੇ ਮੰਤਰੀਆਂ ਨੇ ਦਿੱਤੇ ਇਹ ਬਿਆਨ
ਧਮਕੀ ਤੋਂ ਬਾਅਦ ਵਧੀ ਸੁਰੱਖਿਆ ਬਾਰੇ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਪਾਬਲੋ ਰੋਡਰਿਗਜ਼ ਨੇ ਕਿਹਾ ਹੈ ਕਿ ਸਾਡੀ ਸਰਕਾਰ 19 ਨਵੰਬਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਉਡਾਉਣ ਦੀ ਧਮਕੀ ਨੂੰ ਲੈ ਕੇ ਗੰਭੀਰ ਹੈ। ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਦਿੱਲੀ ਏਅਰਪੋਰਟ ਨੂੰ ਬੰਦ ਕਰਨ ਦੀ ਦਿੱਤੀ ਸੀ ਧਮਕੀ
ਪੰਨੂ ਨੇ 19 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਨੂੰ ਬੰਦ ਰੱਖਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਉਡਾਣ ਨਹੀਂ ਭਰਨ ਦੇਣਗੇ। ਕ੍ਰਿਕਟ ਵਰਲਡ ਕੱਪ ਫਾਈਨਲ ਵਾਲੇ ਦਿਨ ਕਿਸੇ ਨੂੰ ਵੀ ਏਅਰ ਇੰਡੀਆ ਦੇ ਜਹਾਜ਼ ਵਿੱਚ ਸਫ਼ਰ ਨਹੀਂ ਕਰਨਾ ਚਾਹੀਦਾ।
ਪਹਿਲਾਂ ਵੀ ਕਈ ਵਾਰ ਧਮਕੀਆਂ ਦੇ ਚੁੱਕਾ ਪਨੂੰ
ਇਸ ਤੋਂ ਪਹਿਲਾਂ ਵੀ ਦੇਸ਼ ਵਿਰੋਧੀ ਗੁਰਪਤਵੰਤ ਪੰਨੂ ਨੇ ਭਾਰਤ ਦੇ ਖਿਲਾਫ ਕਈ ਵੀਡੀਓ ਜਾਰੀ ਕਰ ਕੇ ਭਾਰਤ ਨੂੰ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਸੀ। ਪੰਜਾਬ ਪੁਲਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਪੰਨੂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਖਾਲਿਸਤਾਨੀ ਨਾਅਰੇ ਲਿਖਵਾਉਂਦਾ ਸੀ। ਇਸ ਗੱਲ ਦਾ ਖੁਲਾਸਾ ਪੁਲਸ ਵੱਲੋਂ ਜਲੰਧਰ ਤੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਨੇ ਕੀਤਾ ਹੈ।