ਪੰਜਾਬ ਦੇ ਲੁਧਿਆਣਾ ਵਿੱਚ ਐਤਵਾਰ ਰਾਤ ਨੂੰ ਇੱਕ ਬੇਕਾਬੂ ਕਾਰ ਸਰਹਿੰਦ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਇੱਕ ਪਰਿਵਾਰ ਸਫਰ ਕਰ ਰਿਹਾ ਸੀ। ਸੂਚਨਾ ਮਿਲਦੇ ਹੀ ਥਾਣਾ ਦੋਰਾਹਾ ਦੇ ਐਸਐਚਓ ਇੰਸਪੈਕਟਰ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਗਈ। ਜਿਸ ਤੋਂ ਬਾਅਦ ਅੱਜ ਸਵੇਰੇ ਗੋਤਾਖੋਰਾਂ ਵੱਲੋਂ ਕੀਤੀ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ। ਪਾਣੀ ਦੇ ਤੇਜ਼ ਵਹਾਅ ਕਾਰਨ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਕਾਰ ਨੂੰ ਕਰੇਨ ਦੀ ਮਦਦ ਨਾਲ ਨਹਿਰ 'ਚੋਂ ਬਾਹਰ ਕੱਢ ਲਿਆ ਗਿਆ ਹੈ। ਇਸ ਮੌਕੇ ਥਾਣਾ ਦੋਰਾਹਾ ਦੇ ਐਸਐਚਓ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਦੇਰ ਸ਼ਾਮ ਸੂਚਨਾ ਮਿਲੀ ਸੀ ਕਿ ਲੁਧਿਆਣਾ-ਚੰਡੀਗੜ੍ਹ ਦੱਖਣੀ ਬਾਈਪਾਸ ਤੋਂ ਇੱਕ ਬੇਕਾਬੂ ਕਾਰ ਸਰਹਿੰਦ ਨਹਿਰ ਵਿੱਚ ਜਾ ਡਿੱਗੀ ਹੈ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਪਰ ਹਨੇਰਾ ਤੇ ਤੇਜ਼ ਪਾਣੀ ਦੇ ਵਹਾਅ ਕਾਰਨ ਗੋਤਾਖੋਰਾਂ ਦੀ ਟੀਮ ਨੂੰ ਕੋਈ ਸਫਲਤਾ ਨਹੀਂ ਮਿਲ ਸਕੀ।
ਹਾਲਾਂਕਿ ਅੱਜ ਸਵੇਰੇ ਜਿਵੇਂ ਹੀ ਮੌਸਮ ਸਾਫ਼ ਹੋਇਆ ਤਾਂ ਗੋਤਾਖੋਰਾਂ ਦੀ ਟੀਮ ਨੇ ਕਾਰ ਸਮੇਤ ਇੱਕ ਲਾਸ਼ ਬਰਾਮਦ ਕੀਤੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ 'ਚ ਕਿੰਨੇ ਲੋਕ ਸਵਾਰ ਸਨ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
ਆਸ-ਪਾਸ ਦੇ ਲੋਕਾਂ ਅਨੁਸਾਰ ਕਾਰ ਰਾਜਵੰਤ ਹਸਪਤਾਲ ਤੋਂ ਕੈਨਾਲ ਰੋਡ ਵੱਲ ਜਾ ਰਹੀ ਸੀ। ਅੱਗੇ ਪੁਲ 'ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਡਰਾਈਵਰ ਨੂੰ ਸੜਕ ਬੰਦ ਹੋਣ ਦਾ ਪਤਾ ਨਹੀਂ ਸੀ। ਜਿਸ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ ਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈ।