ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਸਵੇਰੇ ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਰੇਡ ਕਰਨ ਪੁੱਜੀ, ਕਾਫੀ ਦੇਰ ਬਾਅਦ ਕਾਰਵਾਈ ਕਰਨ ਤੋਂ ਬਾਅਦ ਵਿਜੀਲੈਂਸ ਨੇ ਮਜੀਠੀਆ ਨੂੰ ਹਿਰਾਸਤ ਵਿਚ ਲੈ ਲਿਆ। ਹੁਣ ਮਜੀਠੀਆ ਵਿਰੁੱਧ ਦਰਜ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ। ਜਿਸ ਵਿੱਚ ਸਾਹਮਣੇ ਆਇਆ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਜੀਠੀਆ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਇਹ ਐਫਆਈਆਰ ਏਆਈਜੀ ਸੰਵਰਨਦੀਪ ਸਿੰਘ ਦੀ ਸ਼ਿਕਾਇਤ 'ਤੇ ਸਵੇਰੇ 4:40 ਵਜੇ ਦਰਜ ਕੀਤੀ ਗਈ ਹੈ। ਐਫਆਈਆਰ ਦੀ ਕਾਪੀ ਵਿੱਚ 2007 ਤੋਂ 2017 ਤੱਕ ਦੇ ਸਮੇਂ ਅਤੇ ਮਜੀਠੀਆ ਦੀ ਪਤਨੀ ਗਨੀਵ ਕੌਰ ਦਾ ਜ਼ਿਕਰ ਹੈ।
ਐਫਆਈਆਰ ਵਿੱਚ 540 ਕਰੋੜ ਰੁਪਏ ਦਾ ਜ਼ਿਕਰ
ਐਫਆਈਆਰ ਦੇ ਅਨੁਸਾਰ, ਮਜੀਠੀਆ ਕੋਲ 540 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ ਜੋ ਉਸਦੀ ਐਲਾਨੀ ਆਮਦਨ ਤੋਂ ਕਿਤੇ ਵੱਧ ਹੈ। ਇਸ ਦੇ ਨਾਲ ਹੀ, ਮਨੀ ਲਾਂਡਰਿੰਗ, ਸ਼ੱਕੀ ਵਿਦੇਸ਼ੀ ਲੈਣ-ਦੇਣ ਲਈ ਸ਼ੈੱਲ ਕੰਪਨੀਆਂ ਦੀ ਵਰਤੋਂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਵਿਜੀਲੈਂਸ ਟੀਮ ਨੇ ਬਿਕਰਮ ਮਜੀਠੀਆ ਦੇ ਘਰੋਂ 29 ਮੋਬਾਈਲ ਫੋਨ, 4 ਲੈਪਟਾਪ, 2 ਆਈਪੈਡ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ।
ਛਾਪੇਮਾਰੀ ਕਰਨ ਲਈ 30 ਵਿਜੀਲੈਂਸ ਅਧਿਕਾਰੀ ਪਹੁੰਚੇ ਸਨ
ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਕਰਨ ਲਈ 30 ਵਿਜੀਲੈਂਸ ਅਧਿਕਾਰੀ ਮਜੀਠੀਆ ਦੇ ਘਰ ਛਾਪੇਮਾਰੀ ਕਰਨ ਲਈ ਪਹੁੰਚੇ ਸਨ। ਇਸ ਦੌਰਾਨ, ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਵੀ ਵਿਜੀਲੈਂਸ ਅਧਿਕਾਰੀਆਂ 'ਤੇ ਧੱਕਾ ਕਰਨ ਦੇ ਦੋਸ਼ ਲਗਾਏ ਹਨ।
ਝੂਠਾ ਕੇਸ ਦਰਜ ਕਰਨ ਦੀ ਤਿਆਰੀ
ਵਿਜੀਲੈਂਸ ਛਾਪੇਮਾਰੀ ਤੋਂ ਬਾਅਦ, ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰੱਗ ਮਾਮਲੇ ਵਿੱਚ ਮੇਰੇ ਵਿਰੁੱਧ ਕੁਝ ਨਹੀਂ ਮਿਲਿਆ, ਇਸ ਲਈ ਹੁਣ ਉਹ ਮੇਰੇ ਵਿਰੁੱਧ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਵਿੱਚ, ਉਨ੍ਹਾਂ ਦੀ ਟੀਮ ਨੇ ਮੇਰੇ ਘਰ ਛਾਪਾ ਮਾਰਿਆ ਸੀ।