ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਕਤਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਮੁਲਜ਼ਮ ਸੀ। ਮੀਡੀਆ ਰਿਪੋਰਟ ਅਨੁਸਾਰ ਗੋਲਡੀ ਬਰਾੜ ਨੂੰ ਮੰਗਲਵਾਰ ਨੂੰ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿਖੇ ਗੋਲੀਆਂ ਮਾਰੀਆਂ ਗਈਆਂ। ਇਸ ਕਤਲ ਦੀ ਜ਼ਿੰਮੇਵਾਰੀ ਬਰਾੜ ਦੇ ਵਿਰੋਧੀ ਗੈਂਗਸਟਰਾਂ ਅਰਸ਼ ਡੱਲਾ ਅਤੇ ਲਖਬੀਰ ਨੇ ਲਈ ਹੈ।
ਜਾਣਕਾਰੀ ਮੁਤਾਬਕ ਗੋਲਡੀ ਆਪਣੇ ਇਕ ਦੋਸਤ ਨਾਲ ਘਰ ਦੇ ਬਾਹਰ ਗਲੀ 'ਚ ਖੜ੍ਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਰਿਪੋਰਟ ਅਨੁਸਾਰ ਬਰਾੜ ਦੇ ਵਿਰੋਧੀ ਗੈਂਗਸਟਰਾਂ ਅਰਸ਼ ਡੱਲਾ ਅਤੇ ਲਖਬੀਰ ਨੇ ਗੋਲਡੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੁਸ਼ਮਣੀ ਕਾਰਨ ਗੋਲਡੀ 'ਤੇ ਗੋਲੀਬਾਰੀ ਕਰਵਾਈ। ਫਿਲਹਾਲ ਇਸ 'ਤੇ ਲਾਰੈਂਸ ਜਾਂ ਕਿਸੇ ਹੋਰ ਗੈਂਗਸਟਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ ਗੋਲਡੀ ਬਰਾੜ
ਦੱਸ ਦੇਈਏ ਕਿ ਗੋਲਡੀ ਬਰਾੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਉਸ ਦਾ ਜਨਮ ਸਾਲ 1994 ਵਿੱਚ ਹੋਇਆ ਸੀ, ਮਾਪਿਆਂ ਨੇ ਉਸ ਦਾ ਨਾਂ ਸਤਵਿੰਦਰ ਸਿੰਘ ਰੱਖਿਆ ਸੀ। ਪਿਤਾ ਪੁਲਸ ਵਿੱਚ ਸਬ-ਇੰਸਪੈਕਟਰ ਸਨ। ਉਹ ਆਪਣੇ ਬੇਟੇ ਨੂੰ ਪੜ੍ਹਾ-ਲਿਖਾ ਕੇ ਕਾਬਲ ਬਣਾਉਣਾ ਚਾਹੁੰਦੇ ਸਨ ਪਰ ਸਤਵਿੰਦਰ ਉਰਫ ਗੋਲਡੀ ਨੇ ਆਪਣਾ ਰਾਹ ਵੱਖ ਹੀ ਚੁਣ ਲਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਸ਼ਾਮ 5:25 ਵਜੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਦੇ ਇੰਟਰਸੈਕਸ਼ਨ 'ਤੇ ਹੋਈ।
ਦੱਸ ਦੇਈਏ ਕਿ ਕੈਨੇਡਾ ਤੋਂ ਫਰਾਰ ਹੋਣ ਤੋਂ ਬਾਅਦ ਗੋਲਡੀ ਬਰਾੜ ਨੇ ਅਮਰੀਕਾ ਦੇ ਫਰਿਜ਼ਨੋ ਵਿੱਚ ਸ਼ਰਨ ਲਈ ਸੀ ਅਤੇ ਗੋਲਡੀ ਬਰਾੜ ਦਾ ਆਖਰੀ ਟਿਕਾਣਾ ਫਰਿਜ਼ਨੋ ਦੱਸਿਆ ਜਾਂਦਾ ਹੈ। ਇਸ ਸਬੰਧੀ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।