ਭਾਰਤ ਸਰਕਾਰ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਕੇਂਦਰ ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਗੋਲਡੀ ਬਰਾੜ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨਿਆ ਗਿਆ ਹੈ। ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਵਾਂਟੇਡ ਹੈ।
ਗੋਲਡੀ ਬਰਾੜ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵਾਂਟੇਡ
ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਕਤਲ ਲਾਰੇਂਸ ਬਿਸ਼ਨੋਈ ਦੇ ਕਹਿਣ 'ਤੇ ਕਰਵਾਇਆ ਸੀ। ਉਦੋਂ ਤੋਂ ਉਹ ਫਰਾਰ ਹੈ।
ਅਮਰੀਕਾ 'ਚ ਲੁਕੇ ਹੋਣ ਦਾ ਖ਼ਦਸ਼ਾ
ਮੀਡੀਆ ਰਿਪੋਰਟਾਂ ਮੁਤਾਬਕ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਭਾਰਤ ਤੋਂ ਫਰਾਰ ਹੋ ਗਿਆ ਸੀ। ਗੋਲਡੀ ਬਰਾੜ ਨੇ ਸਭ ਤੋਂ ਪਹਿਲਾਂ ਕੈਨੇਡਾ ਵਿੱਚ ਸ਼ਰਨ ਲਈ ਸੀ। ਫਿਰ ਉਸ ਤੋਂ ਬਾਅਦ ਉਹ ਅਮਰੀਕਾ ਵਿਚ ਲੁਕਿਆ ਹੋਇਆ ਹੈ।
ਮੌਤ ਦੀ ਖਬਰ ਆਈ ਸਾਹਮਣੇ
ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਪਰ ਗੋਲਡੀ ਬਰਾੜ ਨੇ ਇਨ੍ਹਾਂ ਮੌਤਾਂ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਉਸ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਉਹ ਠੀਕ ਹੈ ਅਤੇ ਉਸ ਦੀ ਮੌਤ ਦੀ ਖਬਰ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਗੋਲਡੀ ਤੋਂ ਗੈਂਗਸਟਰ ਤੱਕ
ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਦਾ ਦੋਸਤ ਹੈ। ਬਿਸ਼ਨੋਈ ਗੈਂਗ ਦਾ ਸਭ ਤੋਂ ਭਰੋਸੇਮੰਦ ਆਦਮੀ। ਗੋਲਡੀ ਲਾਰੈਂਸ ਦੇ ਵਿਦੇਸ਼ੀ ਨੈੱਟਵਰਕ ਦੀ ਮੁੱਖ ਚਾਭੀ ਹੈ। ਲਾਰੈਂਸ ਦਾ ਇਹ ਸਭ ਤੋਂ ਖਾਸ ਆਦਮੀ ਸੱਤ ਸਮੁੰਦਰੋਂ ਪਾਰ ਤੋਂ ਕਤਲ ਕਰਵਾ ਕੇ ਵੀ ਆਜ਼ਾਦ ਹੈ।
ਗੋਲਡੀ ਬਰਾੜ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ। ਸਾਲ 1994 ਵਿੱਚ ਜੰਮਿਆ। ਨਾਮ ਸਤਵਿੰਦਰ ਸਿੰਘ। ਪਿਤਾ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਸਨ। ਆਪਣੇ ਬੇਟੇ ਨੂੰ ਪੜ੍ਹਾ-ਲਿਖਾ ਕੇ ਕਾਬਲ ਬਣਾਉਣਾ ਚਾਹੁੰਦਾ ਸੀ, ਪਰ ਸਤਵਿੰਦਰ ਉਰਫ ਗੋਲਡੀ ਦੇ ਵਿਚਾਰ ਹੋਰ ਹੀ ਸਨ।
ਦਰਅਸਲ ਗੋਲਡੀ ਦੇ ਚਚੇਰੇ ਭਰਾ ਗੁਰਲਾਲ ਬਰਾੜ ਦਾ ਕਤਲ ਹੋਇਆ ਸੀ ਅਤੇ ਇਸ ਕਤਲ ਦਾ ਬਦਲਾ ਲੈਣ ਲਈ ਗੋਲਡੀ ਨੇ ਅਪਰਾਧ ਦਾ ਰਾਹ ਚੁਣਿਆ ਸੀ। ਗੋਲਡੀ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ ਸੀ। ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੀ ਮੁਲਾਕਾਤ ਵੀ ਹੋਈ ਅਤੇ ਫਿਰ ਗੋਲਡੀ ਨੇ ਆਪਣੇ ਭਰਾ ਦੇ ਕਤਲ ਦੇ ਦੋਸ਼ੀ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦਾ ਕਤਲ ਕਰਵਾ ਦਿੱਤਾ।
ਵਿਦਿਆਰਥੀ ਵੀਜ਼ੇ 'ਤੇ ਭਜਿਆ ਸੀ ਕੈਨੇਡਾ
ਕਤਲ ਤੋਂ ਬਾਅਦ ਗੋਲਡੀ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਭੱਜ ਗਿਆ ਸੀ। ਸੁਰੱਖਿਆ ਏਜੰਸੀਆਂ ਮੁਤਾਬਕ ਉਹ ਕੈਨੇਡਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਹੈ। ਉਸ 'ਤੇ ਪੰਜਾਬ 'ਚ ਕਈ ਅਪਰਾਧਿਕ ਮਾਮਲੇ ਦਰਜ ਹਨ, ਜੋ ਉਸ ਨੇ ਕੈਨੇਡਾ 'ਚ ਬੈਠ ਕੇ ਕੀਤੇ ਹਨ।
ਪੁਲਿਸ ਮੁਤਾਬਕ ਗੋਲਡੀ ਆਪਣਾ ਚਿਹਰਾ ਬਦਲ ਕੇ ਕੈਨੇਡਾ ਵਿਚ ਰਹਿੰਦਾ ਹੈ ਤਾਂ ਜੋ ਉਸ ਨੂੰ ਫੜਿਆ ਨਾ ਜਾ ਸਕੇ। ਪੁਲਿਸ ਕੋਲ ਪੰਜ ਵੱਖ-ਵੱਖ ਰੂਪਾਂ ਵਿੱਚ ਉਸ ਦੀਆਂ ਤਸਵੀਰਾਂ ਹਨ। ਗੈਂਗਸਟਰ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਅਮਰੀਕਾ ਭੱਜਣ ਦੀਆਂ ਵੀ ਖ਼ਬਰਾਂ ਆਈਆਂ ਸਨ
ਵਿਚਕਾਰ ਉਸ ਦੀ ਗ੍ਰਿਫਤਾਰੀ ਦੀਆਂ ਖਬਰਾਂ ਆਈਆਂ, ਪਰ ਬਾਅਦ ਵਿਚ ਇਹ ਸਿਰਫ ਅਫਵਾਹ ਹੀ ਨਿਕਲੀ। ਇਹ ਵੀ ਖਬਰਾਂ ਹੈ ਕਿ ਪਿਛਲੇ ਦਿਨੀਂ ਉਹ ਕੈਨੇਡਾ ਛੱਡ ਕੇ ਅਮਰੀਕਾ ਦੇ ਕੈਲੀਫੋਰਨੀਆ ਪਹੁੰਚ ਗਿਆ ਹੈ। ਮੀਡੀਆ 'ਚ ਛਪੀਆਂ ਖਬਰਾਂ ਮੁਤਾਬਕ ਉਸ ਨੂੰ ਡਰ ਸੀ ਕਿ ਕੈਨੇਡਾ 'ਚ ਉਸ ਦਾ ਕਤਲ ਹੋ ਸਕਦਾ ਹੈ, ਇਸ ਲਈ ਉਸ ਨੇ ਆਪਣੀ ਜਗ੍ਹਾ ਬਦਲਣਾ ਉਚਿਤ ਸਮਝਿਆ।