ਬਠਿੰਡਾ ਦੇ ਰਾਏਕੇ ਕਲਾਂ ਵਿੱਚ ਪੁਲਸ ਅਤੇ ਕਿਸਾਨਾਂ ਵਿੱਚ ਝੜਪ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਝੋਨੇ ਦੀ ਖਰੀਦ ਵਿੱਚ ਹੋ ਰਹੀ ਦੇਰੀ ਅਤੇ ਦਿੱਕਤਾਂ ਕਾਰਨ ਕਿਸਾਨਾਂ ਨੇ ਤਹਿਸੀਲਦਾਰ ਅਤੇ ਖਰੀਦ ਇੰਸਪੈਕਟਰ ਨੂੰ ਬੰਧਕ ਬਣਾ ਲਿਆ ਸੀ। ਇਸ ਤੋਂ ਬਾਅਦ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਕਿਸਾਨਾਂ ਨੇ ਉਨ੍ਹਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।
ਪ੍ਰਸ਼ਾਸਨ ਨੇ ਬਿਨਾਂ ਜਾਂਚ ਤੋਂ ਝੋਨਾ ਖਰੀਦਣ ਤੋਂ ਇਨਕਾਰ ਕਰ ਦਿੱਤਾ ਸੀ
ਝੋਨੇ ਦੀ ਖਰੀਦ ਸੰਕਟ ਦਰਮਿਆਨ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਕਿਸਾਨਾਂ ਤੇ ਪੁਲਸ ਵਿਚਾਲੇ ਝੜਪ ਹੋ ਗਈ। ਝੜਪ ਵਿੱਚ ਕੁਝ ਕਿਸਾਨ ਅਤੇ ਪੁਲਿਸ ਅਧਿਕਾਰੀ ਜ਼ਖਮੀ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਨੇ ਬਿਨਾਂ ਜਾਂਚ ਕੀਤੇ ਕਿਸਾਨਾਂ ਤੋਂ ਝੋਨਾ ਖਰੀਦਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕਿਸਾਨ ਭੜਕ ਗਏ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ 20 ਤੋਂ 25 ਵਰਕਰ ਪਿੰਡ ਰਾਏਕੇ ਕਲਾਂ ਵਿੱਚ ਇਕੱਠੇ ਹੋਏ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਤਹਿਸੀਲਦਾਰ ਅਤੇ ਖਰੀਦ ਇੰਸਪੈਕਟਰ ਨੂੰ ਬੰਧਕ ਬਣਾ ਲਿਆ ਸੀ। ਮਾਮਲਾ ਗੰਭੀਰ ਹੁੰਦਾ ਦੇਖ ਪੁਲਿਸ ਨੂੰ ਮੌਕੇ 'ਤੇ ਬੁਲਾਉਣਾ ਪਿਆ।
ਝੜਪ 5:30 ਵਜੇ ਹੋਈ
ਪੁਲੀਸ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਮੰਡੀ ਵਿੱਚ ਪੁੱਜੀ। ਪਹਿਲਾਂ ਤਾਂ ਪੁਲਸ ਨੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਕੁਝ ਨਾਰਾਜ਼ ਕਿਸਾਨਾਂ ਨੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮਾਮਲਾ ਸ਼ਾਂਤ ਕਰਨ ਲਈ ਲਾਠੀਚਾਰਜ ਕੀਤਾ ਗਿਆ।
ਪੁਲਸ ਮਾਮਲੇ ਦੀ ਕਰ ਰਹੀ ਜਾਂਚ
ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਨਮੀ ਦੀ ਜਾਂਚ ਦੇ ਨਾਂ 'ਤੇ ਉਨ੍ਹਾਂ ਦੀ ਫਸਲ ਦੀ ਖਰੀਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਪ੍ਰਭਾਵਿਤ ਹੋ ਰਹੀ ਹੈ।