ਬਰਨਾਲਾ ਸੀਟ ਤੋਂ ਵਿਧਾਨ ਸਭਾ ਉਪ ਚੋਣ ਜਿੱਤਣ ਵਾਲੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਅੱਜ ਸਹੁੰ ਚੁੱਕੀ ਹੈ | ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਸਹੁੰ ਚੁਕਾਈ|ਨਵੇਂ ਚੁਣੇ ਵਿਧਾਇਕ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਪਤਵੰਤੇ ਵੀ ਹਾਜ਼ਰ ਸਨ।
ਪੰਜਾਬ ਵਿਧਾਨ ਸਭਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਪੀਕਰ ਵਿਧਾਨ ਸਭਾ ਨੇ ਨਵੇਂ ਚੁਣੇ ਵਿਧਾਇਕ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਅਰੁਣਾ ਚੌਧਰੀ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਦੱਸ ਦੇਈਏ ਕਿ 23 ਨਵੰਬਰ ਨੂੰ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ਸ਼ਾਮਲ ਹਨ। ਬਰਨਾਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਨੇ ਜਿੱਤ ਦਰਜ ਕੀਤੀ ਸੀ, ਜਦਕਿ ਬਾਕੀ ਤਿੰਨ ਸੀਟਾਂ 'ਤੇ ਆਮ ਆਦਮੀ ਪਾਰਟੀ ਜੇਤੂ ਰਹੀ ਸੀ।
ਇਸ ਤੋਂ ਬਾਅਦ 2 ਦਸੰਬਰ ਨੂੰ 'ਆਪ' ਦੇ ਤਿੰਨ ਵਿਧਾਇਕਾਂ ਨੇ ਸਹੁੰ ਚੁਕਾਈ ਗਈ ਸੀ । ਹਾਲਾਂਕਿ ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਅੱਜ ਦੀ ਤਰੀਕ 'ਤੇ ਅਧਿਕਾਰਤ ਤੌਰ 'ਤੇ ਵਿਧਾਨ ਸਭਾ 'ਚ ਸਹੁੰ ਚੁੱਕਣ ਲਈ ਨਹੀਂ ਬੁਲਾਇਆ ਗਿਆ ਸੀ, ਜਿਸ ਕਾਰਨ ਉਹ ਸਹੁੰ ਚੁੱਕਣ ਨਹੀਂ ਗਏ।
ਨਵੇਂ ਚੁਣੇ ਗਏ ਵਿਧਾਇਕ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ਲਈ ਨਵੰਬਰ ਮਹੀਨੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਸਨ। ਕਿਉਂਕਿ ਇਨ੍ਹਾਂ ਸੀਟਾਂ ਦੇ ਵਿਧਾਇਕ ਸੰਸਦ ਮੈਂਬਰ ਬਣ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਗੁਰਦੀਪ ਸਿੰਘ ਰੰਧਾਵਾ, ਚੱਬੇਵਾਲ ਤੋਂ ਡਾ.ਇਸ਼ਾਂਕ ਚੱਬੇਵਾਲ ਅਤੇ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਚੋਣ ਜਿੱਤ ਗਏ।
ਜਦਕਿ ਇਸ ਵਾਰ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਬਰਨਾਲਾ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ। ਹਾਲਾਂਕਿ ਪਹਿਲਾਂ ਇਸ ਸੀਟ 'ਤੇ 'ਆਪ' ਦਾ ਕਬਜ਼ਾ ਸੀ। ਇੱਥੋਂ ਗੁਰਮੀਤ ਸਿੰਘ ਮੀਤ ਹੇਅਰ 2017 ਅਤੇ 2022 ਵਿੱਚ ਲਗਾਤਾਰ ਦੋ ਵਾਰ ਵਿਧਾਇਕ ਬਣੇ। 2022 ਵਿੱਚ ਵਿਧਾਇਕ ਬਣਨ ਤੋਂ ਬਾਅਦ ਉਹ ਸਰਕਾਰ ਵਿੱਚ ਮੰਤਰੀ ਬਣੇ।