ਲੁਧਿਆਣਾ ਵਿੱਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਦੂਜੇ ਨੂੰ ਜੱਫੀ ਪਾਈ। ਦੋਵਾਂ ਦੇ ਜੱਫੀ ਪਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਲੁਧਿਆਣਾ ਵਿੱਚ ਇੱਕ ਜਾਗਰਣ ਦੌਰਾਨ ਲਈ ਗਈ ਹੈ। ਜਿੱਥੇ ਭਜਨ ਗਾਇਕ ਕਨ੍ਹਈਆ ਮਿੱਤਲ ਵੀ ਮੌਜੂਦ ਸਨ।
ਬਿੱਟੂ ਹਾਲ ਹੀ 'ਚ ਭਾਜਪਾ 'ਚ ਹੋਏ ਸ਼ਾਮਲ
ਦੱਸ ਦੇਈਏ ਕਿ ਰਵਨੀਤ ਬਿੱਟੂ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਲੁਧਿਆਣਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਬਿੱਟੂ ਪਿਛਲੀਆਂ ਦੋ ਲੋਕ ਸਭਾ ਚੋਣਾਂ ਤੋਂ ਲੁਧਿਆਣਾ ਸੀਟ ਤੋਂ ਜਿੱਤਦੇ ਆ ਰਹੇ ਹਨ। ਉਨ੍ਹਾਂ ਦਾ ਅਚਾਨਕ ਪਾਰਟੀ ਛੱਡਣਾ ਕਾਂਗਰਸ ਲਈ ਵੱਡਾ ਝਟਕਾ ਹੈ।
ਰਾਜਾ ਵੜਿੰਗ ਨੇ ਬਿੱਟੂ ਨੂੰ ਕਿਹਾ ਸੀ ਗੱਦਾਰ
ਜਦੋਂ ਬਿੱਟੂ ਭਾਜਪਾ ਵਿਚ ਸ਼ਾਮਲ ਹੋਏ ਤਾਂ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਗੱਦਾਰ ਵੀ ਕਿਹਾ। ਰਾਜਾ ਵੜਿੰਗ ਨੇ ਕਿਹਾ ਸੀ ਕਿ ਬਿੱਟੂ ਨੇ ਪਾਰਟੀ ਨਾਲ ਧੋਖਾ ਕੀਤਾ ਹੈ। ਕਿਉਂਕਿ ਕਾਂਗਰਸ ਨੇ ਉਨ੍ਹਾਂ ਨੂੰ ਹਰ ਸਨਮਾਨ ਦਿੱਤਾ ਸੀ। ਪਰ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਪਾਰਟੀ ਨਾਲ ਧੋਖਾ ਕੀਤਾ ਹੈ।
ਕਨ੍ਹਈਆ ਮਿੱਤਲ ਨੇ ਮੋਦੀ ਦੇ ਨਾਅਰੇ ਬੰਦ ਕਰਵਾ ਰਾਮ ਦਾ ਲਾਇਆ ਨਾਅਰਾ
ਕਨ੍ਹਈਆ ਮਿੱਤਲ ਨੇ ਜਾਗਰਣ ਦੇ ਮੰਚ ਤੋਂ ਸਾਫ਼ ਕਿਹਾ ਕਿ ਉਹ ਕਿਸੇ ਇੱਕ ਆਗੂ ਦੇ ਹੱਕ ਵਿੱਚ ਕੋਈ ਭਜਨ ਨਹੀਂ ਗਾ ਰਹੇ। ਉਨ੍ਹਾਂ ਲਈ ਚੋਣਾਂ ਵਿਚ ਹਿੱਸਾ ਲੈਣ ਵਾਲੇ ਸਾਰੇ ਉਮੀਦਵਾਰ ਬਰਾਬਰ ਹਨ। ਕਨ੍ਹਈਆ ਮਿੱਤਲ ਨੇ ਸੰਗਤ ਜਾਗਰਣ ਵਿੱਚ ਮੋਦੀ ਦੇ ਨਾਅਰੇ ਲਾਉਣ ਵਾਲਿਆਂ ਨੂੰ ਵੀ ਰੋਕਿਆ ਤੇ ਲੋਕਾਂ ਨੂੰ ਕਿਹਾ ਕਿ ਕੋਈ ਵੀ ਮੋਦੀ ਦੇ ਨਾਅਰੇ ਨਾ ਲਾਉਣ। ਰਾਮ ਦਾ ਨਾਮ ਜਪਿਆ ਕਰੋ।