ਕਾਂਗਰਸੀ ਵਿਧਾਇਕ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਚੱਬੇਵਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਹਨ। ਚੰਡੀਗੜ੍ਹ ਵਿੱਚ ਉਨ੍ਹਾਂ ਨੂੰ ਸੀ ਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ। ਚੱਬੇਵਾਲ ਚੰਡੀਗੜ੍ਹ ਪਹੁੰਚ ਚੁੱਕੇ ਹਨ ਤੇ ਜਲਦੀ ਹੀ ਪਾਰਟੀ ਵਿੱਚ ਸ਼ਾਮਲ ਹੋਣਗੇ।
ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ
ਦੱਸ ਦੇਈਏ ਕਿ 10 ਦਿਨ ਪਹਿਲਾਂ ਹੀ ਚੱਬੇਵਾਲ ਨੇ ਵਿਧਾਨ ਸਭਾ ਪਹੁੰਚ ਕੇ ਕਰਜ਼ੇ ਨੂੰ ਲੈ ਕੇ 'ਆਪ' ਸਰਕਾਰ 'ਤੇ ਹਮਲਾ ਬੋਲਿਆ ਸੀ। ਹੁਣ ਉਹ ਇਸੇ ਪਾਰਟੀ ਵਿੱਚ ਹੀ ਸ਼ਾਮਲ ਹੋਣ ਜਾ ਰਹੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ 'ਆਪ' ਚੱਬੇਵਾਲ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਲੜਾ ਸਕਦੀ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲਗਾਤਾਰ ਤੀਜਾ ਝਟਕਾ
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਣ ਵਾਲੇ ਇਹ ਤੀਜੇ ਕਾਂਗਰਸੀ ਆਗੂ ਹੋਣਗੇ। ਇਸ ਤੋਂ ਪਹਿਲਾਂ ਗੁਰਪ੍ਰੀਤ ਜੀਪੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਕਾਂਗਰਸ ਛੱਡ ਚੁੱਕੇ ਹਨ। ਜੀ.ਪੀ ਨੂੰ ਫਤਹਿਗੜ੍ਹ ਸਾਹਿਬ ਤੋਂ ਵੀ ਉਮੀਦਵਾਰ ਐਲਾਨਿਆ ਗਿਆ ਹੈ।
‘ਆਪ’ ਨੇ ਕੱਲ੍ਹ ਹੀ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਸੀ ਐਲਾਨ
ਦੱਸ ਦੇਈਏ ਕਿ ਬੀਤੇ ਦਿਨ ਹੀ 'ਆਪ' ਨੇ ਪੰਜਾਬ 'ਚ 8 ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਇਸ ਵਿੱਚ ‘ਆਪ’ ਨੇ 5 ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਹਨ। ਹਾਲ ਹੀ ਵਿੱਚ ਕਾਂਗਰਸ ਤੋਂ ਆਏ ਗੁਰਪ੍ਰੀਤ ਜੀਪੀ ਨੂੰ ਵੀ ਟਿਕਟ ਦਿੱਤੀ ਗਈ।