ਜਲੰਧਰ/ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕ੍ਰਿਸਮਿਸ ਦੇ ਮੌਕੇ 'ਤੇ ਅੱਜ ਖਾਂਬਰਾ ਸਥਿਤ ਚਰਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਖਾਂਬਰਾ ਚਰਚ 'ਚ ਸਭ ਨੂੰ ਯੀਸੂ ਮਸੀਹ ਦੇ ਜਨਮ ਦਿਨ 'ਤੇ ਕ੍ਰਿਸਮਿਸ ਦੀ ਵਧਾਈ ਦਿੱਤੀ।
ਇਸ ਦੌਰਾਨ ਉਨਾਂ ਕਿਸਾਨਾਂ ਬਾਰੇ ਵੀ ਗੱਲ ਕੀਤੀ। ਖਨੌਰੀ ਸਰਹੱਦ ’ਤੇ 30 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਡੱਲੇਵਾਲ ਦੀ ਗੰਭੀਰ ਹਾਲਤ ਬਾਰੇ ਚੰਨੀ ਨੇ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਮਿਲੇ ਸਨ ਅਤੇ ਉਨ੍ਹਾਂ ਦੀ ਸਿਹਤ ਕਾਫੀ ਵਿਗੜ ਰਹੀ ਹੈ। ਸਰਕਾਰ ਨੂੰ ਸੁਚੇਤ ਹੋ ਕੇ ਉਨ੍ਹਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
ਡੱਲੇਵਾਲ ਦੀ ਸਿਹਤ ਬਾਰੇ ਇਹ ਗੱਲ ਕਹੀ
ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਸਾਡੀ ਕਮੇਟੀ ਨੇ ਮੰਗਾਂ ਮੰਨਣ ਦੀ ਸਿਫਾਰਿਸ਼ ਕੀਤੀ ਹੈ। ਡੱਲੇਵਾਲ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਮਰਨ ਵਰਤ ਖਤਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਪੰਜਾਬ ਬੰਦ ਦੇ ਦਿਨ ਵੀ ਉਨ੍ਹਾਂ ਦੇ ਨਾਲ ਰਹਿਣਗੇ।
ਚੰਨੀ ਨੇ ਕਿਹਾ ਕਿ ਜਿਹੜੇ ਲੋਕ ਕਹਿੰਦੇ ਸਨ ਕਿ ਸਾਡੀ ਪਾਰਟੀ ਅਸੂਲਾਂ 'ਤੇ ਆਧਾਰਿਤ ਹੈ, ਅਸੀਂ ਇਨਕਲਾਬੀ ਹਾਂ ਅਤੇ ਅਸੀਂ ਭਗਤ ਸਿੰਘ ਦੇ ਪੁੱਤਰ ਹਾਂ, ਅੱਜ ਉਸ ਪਾਰਟੀ ਵੱਲੋਂ ਸਾਰੇ ਸਿਧਾਂਤਾਂ ਨੂੰ ਦਰਕਿਨਾਰ ਕਰ ਕੇ ਕੌਂਸਲਰਾਂ ਦੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ। ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਵੱਖ ਕਰ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਇਸ ਪਾਰਟੀ ਨੂੰ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਵਿੱਚ ਕਿਤੇ ਵੀ ਬਹੁਮਤ ਨਹੀਂ ਮਿਲਿਆ। ਅਜਿਹੇ 'ਚ ਹੁਣ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਇਸ ਪਾਰਟੀ ਨੂੰ ਪਸੰਦ ਨਹੀਂ ਕਰਦੇ।