ਪੀਏਪੀ ਦੇ ਡੀਆਈਜੀ ਇੰਦਰਬੀਰ ਸਿੰਘ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। ਡੀਆਈਜੀ ਇੰਦਰਬੀਰ ਸਿੰਘ ਇਸ ਸਮੇਂ ਪੀਏਪੀ ਵਿੱਚ ਤਾਇਨਾਤ ਹਨ। ਡੀਆਈਜੀ ਇੰਦਰਬੀਰ ਸਿੰਘ ਨੇ 20 ਜੂਨ 2022 ਨੂੰ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਨਸ਼ਾ ਤਸਕਰ ਨੂੰ ਛੁਡਾਉਣ ਲਈ ਡੀਆਈਜੀ ਇੰਦਰਬੀਰ ਸਿੰਘ ਦਾ ਨਾਂ ਵੀ ਰਿਸ਼ਵਤ ਦੇ ਮਾਮਲੇ ਵਿੱਚ ਸ਼ਾਮਲ ਸੀ, ਜਿਸ ਤੋਂ ਬਾਅਦ ਇਹ ਕੇਸ ਅਦਾਲਤ ਵਿੱਚ ਚੱਲਿਆ ਤਾਂ ਇਸ ਮਾਮਲੇ ਵਿੱਚ ਡੀਐਸਪੀ ਲਖਬੀਰ ਸਿੰਘ ਸੰਧੂ ਨੂੰ ਸਰਕਾਰੀ ਗਵਾਹ ਬਣਾਇਆ ਗਿਆ। ਇਸ ਤੋਂ ਬਾਅਦ ਡੀਐਸਪੀ ਦੀ ਗਵਾਹੀ ਹੋਈ ਤਾਂ ਡੀਆਈਜੀ ਇੰਦਰਬੀਰ ਸਿੰਘ ਨੂੰ 1 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ।
ਦੱਸ ਦੇਈਏ ਕਿ 6 ਜੁਲਾਈ 2022 ਨੂੰ ਭਿੱਖੀਵਿੰਡ ਪੁਲਸ ਨੇ ਡੀਐਸਪੀ ਲਖਬੀਰ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਫ਼ਿਰੋਜ਼ਪੁਰ ਦੇ ਤਤਕਾਲੀ ਡੀਆਈਜੀ ਇੰਦਰਬੀਰ ਸਿੰਘ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫਿਰ ਡੀਐਸਪੀ ਲਖਬੀਰ ਸੰਧੂ ਨੂੰ ਗਵਾਹ ਬਣਾਇਆ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਐਡਵੋਕੇਟ ਬਲਦੇਵ ਸਿੰਘ ਨੇ ਦੱਸਿਆ ਕਿ ਸਰਕਾਰੀ ਗਵਾਹ ਬਣੇ ਡੀਐਸਪੀ ਲਖਬੀਰ ਸਿੰਘ ਸੰਧੂ ਜ਼ਿਲ੍ਹਾ ਮੈਜਿਸਟਰੇਟ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੋਏ ਸਨ, ਜਿੱਥੇ ਅਦਾਲਤ ਵਿੱਚ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਗਏ। ਇਸ ਵਿੱਚ ਸੰਧੂ ਨੇ ਮੰਨਿਆ ਕਿ ਉਕਤ ਰਿਸ਼ਵਤ ਦੀ ਰਕਮ ਡੀਆਈਜੀ ਇੰਦਰਬੀਰ ਸਿੰਘ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਅਦਾਲਤ ਨੇ ਨੋਟਿਸ ਲਿਆ।
ਇਸ ਮਾਮਲੇ ਵਿੱਚ ਕਈ ਹੋਰ ਪੁਲਸ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਫਿਲਹਾਲ ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਉਤੇ ਗਾਜ਼ ਡਿੱਗ ਸਕਦੀ ਹੈ।