ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਕਾਰਨ ਰੈੱਡ ਅਤੇ ਆਰੇਂਜ ਅਲਰਟ ਜਾਰੀ ਕੀਤਾ ਜਾ ਰਿਹਾ ਹੈ, ਮੌਸਮ ਵਿਭਾਗ (IMD) ਨੇ ਕਿਹਾ ਕਿ ਇਸ ਸਮੇਂ ਮਾਨਸੂਨ ਦਾ ਝੁਕਾਅ ਦੱਖਣ ਵੱਲ ਹੈ, ਜਿਸ ਕਾਰਨ ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ 'ਚ ਯੈਲੋ ਅਲਰਟ ਦੇ ਬਾਵਜੂਦ ਬੁੱਧਵਾਰ ਨੂੰ 18 ਜ਼ਿਲਿਆਂ 'ਚ ਮੀਂਹ ਨਹੀਂ ਪਿਆ। ਪਰ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਮਗਰੋਂ ਸੂਬੇ ਦੇ ਔਸਤ ਤਾਪਮਾਨ ਵਿੱਚ 2.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
9 ਜ਼ਿਲ੍ਹਿਆਂ ਵਿੱਚ ਯੈਲੋ ਕੀਤਾ ਜਾਰੀ ਅਲਰਟ
ਸੂਬੇ ਵਿੱਚ ਮਾਨਸੂਨ ਸੁਸਤ ਪੈ ਗਈ ਹੈ। ਜਿਸ ਦਾ ਸਭ ਤੋਂ ਵੱਡਾ ਕਾਰਨ ਬੰਗਾਲ ਦੀ ਖਾੜੀ 'ਚ ਬਣਿਆ ਘੱਟ ਦਬਾਅ ਹੈ। ਮਾਨਸੂਨ ਦੀਆਂ ਹਵਾਵਾਂ ਘੱਟ ਦਬਾਅ ਨਾਲ ਪ੍ਰਭਾਵਿਤ ਹੋਈਆਂ ਹਨ ਅਤੇ ਇਸ ਦਾ ਅਸਰ ਪੱਛਮੀ ਗੜਬੜੀ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਤਰਨਤਾਰਨ, ਕਪੂਰਥਲਾ, ਜਲੰਧਰ, ਐਸਬੀਐਸ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਅੱਜ 9 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਾਵਣ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਨੁਮਾਨ ਹੈ ਕਿ 22 ਜੁਲਾਈ ਤੋਂ ਸੂਬੇ ਵਿੱਚ ਬਾਅਦ ਮਾਨਸੂਨ ਦੀ ਬਾਰਿਸ਼ ਦੇਖਣ ਨੂੰ ਮਿਲੇਗੀ।
ਪੰਜਾਬ ਦੇ 4 ਜ਼ਿਲ੍ਹਿਆਂ ਚ ਹੋਈ ਦਰਮਿਆਨੀ ਬਾਰਿਸ਼
ਪੰਜਾਬ ਵਿੱਚ ਹੁਣ ਤੱਕ ਸਿਰਫ਼ 4 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਮਾਨਸਾ ਅਤੇ ਸੰਗਰੂਰ ਵਿੱਚ ਹੀ ਆਮ ਮੀਂਹ ਪਿਆ ਹੈ। ਮੌਸਮ ਵਿਭਾਗ ਮੁਤਾਬਕ 20 ਫੀਸਦੀ ਤੱਕ ਘੱਟ ਬਾਰਿਸ਼ ਨੂੰ ਆਮ ਮੰਨਿਆ ਜਾਂਦਾ ਹੈ। ਅੰਮ੍ਰਿਤਸਰ ਵਿੱਚ 19 ਫੀਸਦੀ ਘੱਟ ਮੀਂਹ ਪਿਆ ਜਦਕਿ ਤਰਨਤਾਰਨ ਵਿੱਚ ਆਮ ਨਾਲੋਂ 22 ਫੀਸਦੀ ਵੱਧ ਮੀਂਹ ਪਿਆ। ਮਾਨਸਾ ਵਿੱਚ 21 ਫੀਸਦੀ ਅਤੇ ਸੰਗਰੂਰ ਵਿੱਚ 13 ਫੀਸਦੀ ਵੱਧ ਮੀਂਹ ਪਿਆ ਹੈ। ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਫਤਿਹਗੜ੍ਹ ਸਾਹਿਬ ਵਿੱਚ 77% ਘੱਟ ਅਤੇ ਹੁਸ਼ਿਆਰਪੁਰ ਵਿੱਚ 76% ਘੱਟ ਮੀਂਹ ਪਿਆ ਹੈ।
ਹੋਰ ਰਾਜਾਂ ਦੇ ਮੌਸਮ ਦਾ ਹਾਲ
ਯੂਪੀ ਵਿੱਚ ਮੀਂਹ ਕਾਰਨ 24 ਘੰਟਿਆਂ 'ਚ 10 ਮੌਤਾਂ
ਉੱਤਰ ਪ੍ਰਦੇਸ਼ 'ਚ ਨੇਪਾਲ ਨਾਲ ਲੱਗਦੇ 20 ਜ਼ਿਲਿਆਂ 'ਚ ਪਿਛਲੇ 4-5 ਦਿਨਾਂ ਤੋਂ ਲਗਾਤਾਰ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਜਿਸ ਕਾਰਨ ਕਰੀਬ 20 ਲੱਖ ਦੀ ਆਬਾਦੀ ਪਾਣੀ ਵਿੱਚ ਘਿਰੀ ਹੋਈ ਹੈ। ਇਸ ਦੇ ਨਾਲ ਹੀ ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ।
ਰਾਜਸਥਾਨ ਦੇ 25 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ
ਰਾਜਸਥਾਨ ਦੇ 25 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚੋਂ ਤਿੰਨ ਜ਼ਿਲ੍ਹਿਆਂ ਡੂੰਗਰਪੁਰ, ਬਾਂਸਵਾੜਾ ਅਤੇ ਪ੍ਰਤਾਪਗੜ੍ਹ ਵਿੱਚ ਬਹੁਤ ਭਾਰੀ ਮੀਂਹ ਦਾ ਔਰੇਂਜ ਅਲਰਟ ਹੈ। ਪੰਜ ਜ਼ਿਲ੍ਹਿਆਂ ਉਦੈਪੁਰ, ਸਿਰੋਹੀ, ਜਾਲੋਰ, ਚਿਤੌੜਗੜ੍ਹ ਅਤੇ ਝਾਲਾਵਾੜ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦਾ ਯੈੱਲੋ ਅਲਰਟ ਹੈ।