ਖਬਰਿਸਤਾਨ ਨੈੱਟਵਰਕ ਜਲੰਧਰ- ਬੀਤੇ ਦਿਨੀ ਵਿਸ਼ਵ ਆਬਾਦੀ ਦਿਵਸ ਸੰਬੰਧੀ ਚੰਡੀਗੜ੍ਹ ਵਿਖੇ ਰਾਜ ਪੱਧਰੀ ਇਨਾਮ ਵੰਡ ਸਮਾਗਮ ਹੋਇਆ। ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਮਾਨਯੋਗ ਡਾ. ਬਲਬੀਰ ਸਿੰਘ ਵੱਲੋਂ ਪੀ.ਪੀ. ਯੂਨਿਟ ਸਿਵਲ ਹਸਪਤਾਲ ਜਲੰਧਰ ਦੇ ਮੈਡੀਕਲ ਅਫ਼ਸਰ ਡਾ. ਇੰਦੂ ਬਾਲਾ ਤੇ ਐਮ.ਪੀ.ਐਚ.ਡਬਲਯੂ (ਫੀਮੇਲ) ਸਵੀਟੀ ਨੂੰ ਪਰਿਵਾਰ ਨਿਯੋਜਨ ਸੰਬੰਧੀ ਵਧੀਆ ਕਾਰਗੁਜਾਰੀ ਲਈ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।
ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਐਸ.ਐਮ.ਓ. ਪੀ.ਪੀ. ਯੂਨਿਟ ਡਾ. ਮੀਰਾ ਅਤੇ ਉਨ੍ਹਾਂ ਦੀ ਟੀਮ ਨੂੰ ਸ਼ਲਾਘਾਯੋਗ ਕੰਮ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੌਪੜਾ, ਐਸ.ਐਮ.ਓ. ਡਾ. ਗੁਰਮੀਤ ਲਾਲ, ਐਲ.ਐਚ.ਵੀ. ਸਤਵਿੰਦਰ ਕੌਰ ਮੌਜੂਦ ਸਨ।
ਇਸ ਦੌਰਾਨ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਡਾ. ਇੰਦੂ ਬਾਲਾ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿੱਚ ਵੀ ਹੋਰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾ. ਇੰਦੂ ਬਾਲਾ ਨੇ 2022-23 ਦੌਰਾਨ ਨਸਬੰਦੀ ਦੇ ਸਭ ਤੋਂ ਵੱਧ ਕੇਸ ਕਰਨ 'ਤੇ ਰਾਜ ਵਿੱਚ ਪਹਿਲਾ ਅਤੇ ਨਲਬੰਦੀ ਦੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਹੀ ਐਮ.ਪੀ.ਐਚ.ਡਬਲਯੂ (ਫੀਮੇਲ) ਸਵੀਟੀ ਨੂੰ ਪਰਿਵਾਰ ਨਿਯੋਜਨ ਦੇ ਕੇਸਾਂ ਲਈ ਬੈਸਟ ਮੋਟੀਵੇਟਰ ਦਾ ਸਨਮਾਨ ਮਿਲਿਆ ਹੈ।