ਪੰਜਾਬ ਪੁਲਿਸ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਮੋਡ ਵਿੱਚ ਹੈ। ਰਾਜਪੁਰਾ ਰੋਡ ’ਤੇ ਬਹਾਦਰਗੜ੍ਹ ਸਥਿਤ ਟੋਲ ਪਲਾਜ਼ਾ ’ਤੇ ਪੁਲਿਸ ਚੌਕੀ ਨੂੰ ਦੇਖ ਕੇ ਭੱਜ ਰਹੇ ਤਸਕਰਾਂ ਨੂੰ ਪੁਲਿਸ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਤਲਾਸ਼ੀ ਲੈਣ 'ਤੇ ਕਾਰ ਦੀ ਅਗਲੀ ਸੀਟ ਕੋਲ ਰੱਖੇ ਬੈਗ 'ਚੋਂ ਅੱਠ ਕਿੱਲੋ ਅਫੀਮ ਬਰਾਮਦ ਹੋਈ। ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਪੁਲਿਸ ਨੂੰ ਦੇਖ ਕੇ ਲਿਆ ਯੂ-ਟਰਨ
ਐਸਐਸਪੀ ਵਰੁਣ ਸ਼ਰਮਾ ਨੇ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਥਾਣਾ ਸਦਰ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਲਵਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰੇਨੋ ਟਰਾਈਬਰ ਕਾਰ ਨੇ ਪੁਲਿਸ ਨੂੰ ਦੇਖ ਕੇ ਯੂ-ਟਰਨ ਲੈ ਲਿਆ ਅਤੇ ਪੁਲਿਸ ਨੇ ਤੁਰੰਤ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਅੱਠ ਕਿੱਲੋ ਅਫੀਮ ਬਰਾਮਦ
ਪਿੱਛਾ ਕਰਨ ਦੌਰਾਨ ਉਨ੍ਹਾਂ ਦੀ ਕਾਰ ਕੁਝ ਦੂਰੀ 'ਤੇ ਰੁਕੀ ਅਤੇ ਪੁਲਿਸ ਪਾਰਟੀ ਨੇ ਕਾਰ ਸਵਾਰ ਚਾਰੇ ਵਿਅਕਤੀਆਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਮੰਨਾ ਵਾਸੀ ਸਨੌਰ, ਮਨਜੀਤ ਸਿੰਘ ਵਾਸੀ ਸਨੌਰ, ਰਾਜੂ ਵਾਸੀ ਰਤਨਾ ਨਗਰ ਪਟਿਆਲਾ ਅਤੇ ਵਰਿੰਦਰ ਸਿੰਘ ਵਾਸੀ ਸਨੌਰ ਵਜੋਂ ਹੋਈ ਹੈ।