ਪੰਜਾਬ 'ਚ ਪਿਛਲੇ ਦੋ ਦਿਨਾਂ ਤੋਂ ਕਾਫੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਕਈ ਸ਼ਹਿਰਾਂ 'ਚ ਜਗ੍ਹਾ-ਜਗ੍ਹਾ ਪਾਣੀ ਭਰ ਗਿਆ ਹੈ। ਜਦਕਿ ਰੋਪੜ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਮੀਂਹ ਕਾਰਨ 13 ਸਕੂਲਾਂ 'ਚ ਪਾਣੀ ਭਰ ਗਿਆ ਹੈ। ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਉਕਤ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਇਨ੍ਹਾਂ ਸਕੂਲਾਂ 'ਚ ਛੁੱਟੀ ਦਾ ਐਲਾਨ
ਇਨ੍ਹਾਂ ਸਕੂਲਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਭੱਲਾੜੀ, ਨੰਗਰਾਂ, ਖਾਬੜਾ, ਖੇੜਾ ਕਮਲੋਟ, ਭੈਣੀ, ਅਮਰਪੁਰ ਬੇਲਾ, ਬ੍ਰਹਮਪੁਰ, ਲੋਅਰ ਅਤੇ ਮਾਹਿਲਵਾਂ ਦੇ ਨਾਲ-ਨਾਲ ਸਰਕਾਰੀ ਮਿਡਲ ਸਕੂਲ ਮਾਹਿਲਵਾਂ, ਖਾਨਪੁਰ, ਸਰਕਾਰੀ ਹਾਈ ਸਕੂਲ ਕੁਲਗਰਾਂ, ਦਸਗਰਾਈ ਅਤੇ ਸਰਕਾਰੀ ਸੀਨੀਅਰ ਸਕੂਲ ਸੁਖਸਾਲ ਸ਼ਾਮਲ ਹਨ।
ਅਧਿਕਾਰੀਆਂ ਨੂੰ ਇਹ ਹੁਕਮ ਕੀਤੇ ਜਾਰੀ
ਭਾਰੀ ਮੀਂਹ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਕਾਰੀਆਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ। ਹੁਕਮਾਂ ਅਨੁਸਾਰ ਕੋਈ ਵੀ ਅਧਿਕਾਰੀ ਬਿਨਾਂ ਇਜਾਜ਼ਤ ਤੋਂ ਛੁੱਟੀ ਨਹੀਂ ਲਵੇਗਾ ਅਤੇ ਨਾ ਹੀ ਸਟੇਸ਼ਨ ਛੱਡੇਗਾ। ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਨੂੰ ਦਰਿਆਵਾਂ ਅਤੇ ਨਹਿਰਾਂ ਤੋਂ ਦੂਰ ਰਹਿਣ ਦੀ ਅਪੀਲ
ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸੇ ਵੀ ਨਦੀ ਜਾਂ ਨਹਿਰ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਨਾਲ ਹੀ ਕਿਸੇ ਦਰਿਆ ਜਾਂ ਨਹਿਰ ਦੇ ਕੰਢੇ ਜਾ ਕੇ ਕਿਸੇ ਕਿਸਮ ਦੀ ਵੀਡੀਓ ਆਦਿ ਨਾ ਬਣਾਓ। ਕੋਸ਼ਿਸ਼ ਕਰੋ ਕਿ ਮੀਂਹ ਦੇ ਦੌਰਾਨ ਘਰ ਤੋਂ ਬਾਹਰ ਨਾ ਨਿਕਲੋ।
ਹੈਲਪਲਾਈਨ ਨੰਬਰ ਵੀ ਕੀਤਾ ਜਾਰੀ
ਮੀਂਹ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਹਨ। ਜਿੱਥੇ ਹੜ੍ਹਾਂ ਸਬੰਧੀ ਜਾਣਕਾਰੀ ਜਾਂ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਲੋਕਾਂ ਨੂੰ ਫੋਨ ਨੰਬਰ 01881-292711 ਜਾਂ 01881-221157 'ਤੇ ਸੰਪਰਕ ਕਰਨਾ ਹੋਵੇਗਾ।