ਪੂਰੇ ਦੇਸ਼ ‘ਚ ਜਿੱਥੇ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ , ਉੱਥੇ ਹੀ ਲੋਕ ਆਪਣੀ ਸ਼ਰਧਾ ਅਨੁਸਾਰ ਸੇਵਾ ਵੀ ਕਰ ਰਹੇ ਹਨ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਦਸੱਦੀਏ ਕਿ ਇਥੇ ਇਕ ਈ-ਰਿਕਸ਼ਾ ਚਾਲਕ ਨੇ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਦੀ ਮੁਫ਼ਤ ਸੇਵਾ ਸ਼ੁਰੂ ਕੀਤੀ ਹੈ।
ਪਰਿਵਾਰ ਦੀ ਸਹਿਮਤੀ ਨਾਲ ਕਰ ਰਿਹਾ ਸੇਵਾ
ਸਥਾਨਕ ਸਰਕਾਰੀ ਕਾਲਜ ਰੋਡ ‘ਤੇ ਰਹਿਣ ਵਾਲੇ ਰੋਹਿਤ ਕੁਮਾਰ ਨਾਂ ਦਾ ਇਹ ਈ-ਰਿਕਸ਼ਾ ਚਾਲਕ ਦੋ ਦਿਨਾਂ ਤੋਂ ਸ਼ਹਿਰ ਭਰ ਦੇ ਯਾਤਰੀਆਂ ਨੂੰ ਮੁਫਤ ਸਫਰ ਕਰਵਾ ਰਿਹਾ ਹੈ। ਰੋਜ਼ਾਨਾ ਪੰਜ ਤੋਂ ਛੇ ਸੌ ਰੁਪਏ ਕਮਾਉਣ ਵਾਲਾ ਰਾਹੁਲ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਇਹ ਸੇਵਾ ਕਰ ਰਿਹਾ ਹੈ ਅਤੇ ਸ਼ਹਿਰ ਦੇ ਲੋਕ ਵੀ ਉਸ ਦੀ ਸੇਵਾ ਦੀ ਸ਼ਲਾਘਾ ਕਰ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਰੋਹਿਤ ਨੇ ਦੱਸਿਆ ਕਿ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ‘ਚ ਪ੍ਰਾਣ ਪ੍ਰਤਿਸ਼ਠਾ ਮੌਕੇ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ। ਕੋਈ ਝੰਡੇ ਵੰਡ ਰਿਹਾ ਹੈ ਤੇ ਕੋਈ ਮਠਿਆਈਆਂ ਖਰੀਦ ਕੇ ਵੰਡ ਰਿਹਾ ਹੈ ਪਰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਲਈ ਦੋ ਦਿਨਾਂ ਲਈ ਮੁਫਤ ਵਿਚ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਹੈ।
ਉਨ੍ਹਾਂ ਦੱਸਿਆ ਕਿ 21 ਤਰੀਕ ਤੋਂ ਉਨ੍ਹਾਂ ਨੇ ਬਿਨਾਂ ਪੈਸੇ ਲਏ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਉਤਾਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ, ਜੋ 22 ਦੀ ਰਾਤ ਤੱਕ ਜਾਰੀ ਰਹੇਗੀ। ਉਹ ਸਵੇਰੇ 8 ਵਜੇ ਘਰੋਂ ਨਿਕਲਦਾ ਹੈ ਅਤੇ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਸਵਾਰੀਆਂ ਨੇ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਈ-ਰਿਕਸ਼ਾ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਰੋਹਿਤ ਕੁਮਾਰ ਦੇ ਜਜ਼ਬੇ ਅਤੇ ਲਗਨ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।