ਪੰਜਾਬ ਦੀ ਕਾਂਗਰਸ ਸਰਕਾਰ ਦੌਰਾਨ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੇ ਅਮਲੋਹ ਸਥਿਤ ਘਰ 'ਤੇ ਈਡੀ ਨੇ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਅਜੇ ਵੀ ਜਾਰੀ ਹੈ, ਇਸ ਦੌਰਾਨ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਸਾਧੂ ਸਿੰਘ ਧਰਮਸੋਤ 'ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ ਅਤੇ ਉਹ ਅੱਜ ਜ਼ਮਾਨਤ 'ਤੇ ਬਾਹਰ ਹਨ।
ਦਰੱਖਤ ਕੱਟਣ ਲਈ 500 ਰੁਪਏ ਦੀ ਲੈਂਦੇ ਸਨ ਰਿਸ਼ਵਤ
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਚੰਡੀਗੜ੍ਹ ਨੇੜੇ ਮੋਹਾਲੀ 'ਚ ਜੰਗਲਾਤ ਦੀ ਜ਼ਮੀਨ ਦੀ ਇਜਾਜ਼ਤ ਦੇਣ 'ਚ ਵੱਡੇ ਘਪਲੇ ਤੇ ਰਿਸ਼ਵਤਖੋਰੀ ਦੇ ਦੋਸ਼ ਲੱਗੇ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਵਿਜੀਲੈਂਸ ਟੀਮ ਨੂੰ ਦੱਸਿਆ ਕਿ ਧਰਮਸੋਤ ਇੱਕ ਦਰੱਖਤ ਕੱਟਣ ਬਦਲੇ 500 ਰੁਪਏ ਰਿਸ਼ਵਤ ਲੈਂਦੇ ਸਨ। ਇੰਨਾ ਹੀ ਨਹੀਂ ਉਹ ਨਵੇਂ ਰੁੱਖ ਲਗਾਉਣ ਦੇ ਬਦਲੇ ਰਿਸ਼ਵਤ ਵੀ ਲੈਂਦੇ ਸਨ। ਰਿਸ਼ਵਤ ਦੇ ਪੈਸੇ ਦਾ ਕੁਝ ਹਿੱਸਾ ਸਿੱਧਾ ਧਰਮਸੋਤ ਨੂੰ ਜਾਂਦਾ ਸੀ।
ਸੀਐਮ ਮਾਨ ਨੇ ਉਨ੍ਹਾਂ ਨੂੰ ਜੇਲ ਭੇਜਣ ਦੀ ਕਹੀ ਸੀ ਗੱਲ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਧਰਮਸੋਤ ਨੂੰ ਜੇਲ ਭੇਜਣ ਦੀ ਗੱਲ ਕਹੀ ਸੀ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਸੀ।