ਖਬਰਿਸਤਾਨ ਨੈੱਟਵਰਕ,ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਤਲਾਸ਼ੀ ਲਈ ਈਡੀ ਦੀ ਟੀਮ ਪਹੁੰਚ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਅੱਜ ਸਵੇਰੇ ਸੰਜੇ ਸਿੰਘ ਦੇ ਘਰ ਪਹੁੰਚੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਖੋਜ ਕਿਸ ਮਾਮਲੇ 'ਚ ਚੱਲ ਰਹੀ ਹੈ। ਉਥੇ ਹੀ ਛਾਪੇਮਾਰੀ ਦੌਰਾਨ ਈਡੀ ਵਲੋਂ ਸੰਜੇ ਸਿੰਘ ਅਤੇ ਉਸ ਦੇ ਘਰਦਿਆਂ ਦੇ ਫੋਨ ਜਬਤ ਕਰ ਲਏ ਗਏ ਹਨ।
ਪਹਿਲਾ ਵੀ ਈਡੀ ਵਲੋਂ ਕੀਤੀ ਗਈ ਰੇਡ
ਇਹ ਜਾਣਕਾਰੀ ਖੁਦ ਸੰਜੇ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਈ ਮਹੀਨੇ 'ਚ ਈਡੀ ਦੀ ਟੀਮ ਸੰਜੇ ਸਿੰਘ ਦੇ ਘਰ ਪਹੁੰਚੀ ਸੀ। ਉਸ ਸਮੇਂ ਈਡੀ ਨੇ ਸੰਜੇ ਸਿੰਘ ਦੇ ਸਾਥੀਆਂ ਦੇ ਟਿਕਾਣੇ 'ਤੇ ਤਲਾਸ਼ੀ ਮੁਹਿੰਮ ਚਲਾਈ ਸੀ।
ਸੂਤਰਾਂ ਦੀ ਮੰਨੀਏ ਤਾਂ ਸੰਜੇ ਸਿੰਘ ਦੇ ਘਰ 'ਤੇ ਇਹ ਛਾਪੇਮਾਰੀ ਦਿੱਲੀ ਦੀ ਸ਼ਰਾਬ ਨੀਤੀ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਦੋ ਦਿਨ ਬਾਅਦ ਈਡੀ ਨੇ ਸੰਜੇ ਸਿੰਘ ਦੇ ਘਰ ਇਹ ਛਾਪੇਮਾਰੀ ਕੀਤੀ ਹੈ।
ਰਿਪੋਰਟ ਮੁਤਾਬਕ ਈਡੀ ਦੀ ਟੀਮ ਇਸ ਮਾਮਲੇ 'ਚ ਸ਼ਾਮਲ ਕੁਝ ਹੋਰ ਲੋਕਾਂ ਦੇ ਠਿਕਾਣਿਆਂ 'ਤੇ ਵੀ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਈਡੀ ਨੇ ਸੰਜੇ ਸਿੰਘ ਦੇ ਸਟਾਫ਼ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਸੀ।
ਸੰਜੇ ਸਿੰਘ 'ਤੇ ਲਗੇ ਇਹ ਇਲਜ਼ਾਮ
ਈਡੀ ਦੀ ਚਾਰਜਸ਼ੀਟ ਛਾਪੇਮਾਰੀ ਮੁਤਾਬਕ ਸੰਜੇ ਸਿੰਘ 'ਤੇ 82 ਲੱਖ ਰੁਪਏ ਦਾ ਚੰਦਾ ਲੈਣ ਦਾ ਦੋਸ਼ ਹੈ। ਇਸ ਸਬੰਧੀ ਈਡੀ ਬੁੱਧਵਾਰ ਨੂੰ ਉਸ ਦੇ ਘਰ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਈਡੀ ਦੀ ਦੂਜੀ ਸਪਲੀਮੈਂਟਰੀ ਚਾਰਜਸ਼ੀਟ 2 ਮਈ ਨੂੰ ਜਾਰੀ ਕੀਤੀ ਗਈ ਸੀ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੀ ਸਾਹਮਣੇ ਆਇਆ ਸੀ। ਹਾਲਾਂਕਿ ਉਸ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਹੈ।