ਮੈਰੀਟੋਰੀਅਸ ਸਕੂਲ ਸੰਗਰੂਰ ਦੇ 53 ਬੱਚਿਆਂ ਦੀ ਸਿਹਤ ਖ਼ਰਾਬ ਹੋਣ ਕਾਰਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹੋਸਟਲ ਦੀ ਕੰਟੀਨ ਦਾ ਠੇਕਾ ਰੱਦ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਜੋ 24 ਘੰਟਿਆਂ ਵਿੱਚ ਆਪਣੀ ਰਿਪੋਰਟ ਦੇਵੇਗੀ।
ਬੀਤੀ ਰਾਤ ਹੋਏ ਸੀ ਬੱਚੇ ਬਿਮਾਰ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਮੈਨੂੰ ਸੰਗਰੂਰ ਦੇ ਡੀਸੀ ਨੇ ਦੱਸਿਆ ਕਿ ਬੀਤੀ ਰਾਤ ਮੈਰੀਟੋਰੀਅਸ ਸਕੂਲ ਵਿੱਚ ਬੱਚਿਆਂ ਨੂੰ ਜ਼ਹਿਰੀਲੇ ਖਾਣੇ ਦੀ ਸ਼ਿਕਾਇਤ ਮਿਲੀ ਹੈ। ਜਿਨ੍ਹਾਂ ਵਿੱਚੋਂ 20 ਬੱਚਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ 16 ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸਾਰੇ ਬੱਚੇ ਠੀਕ ਹਨ, ਮਾਪੇ ਚਿੰਤਾ ਨਾ ਕਰਨ
4 ਬੱਚੇ ਅਜੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਉਹਨਾਂ ਨੂੰ ਵੀ ਅੱਜ ਸ਼ਾਮ ਤੱਕ ਛੁੱਟੀ ਦੇ ਦਿੱਤੀ ਜਾਵੇਗੀ। ਸਾਵਧਾਨੀ ਵਜੋਂ ਸਕੂਲ ਵਿੱਚ ਮੈਡੀਕਲ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਸਾਰੇ ਬੱਚੇ ਠੀਕ ਹਨ ਤੇ ਮੈਂ ਸਾਰੇ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਠੇਕੇਦਾਰ ਗ੍ਰਿਫਤਾਰ
ਜਿਸ ਠੇਕੇਦਾਰ ਨੇ ਹੋਸਟਲ ਵਿੱਚ ਇਸ ਦਾ ਠੇਕਾ ਦਿੱਤਾ ਸੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਇਕਰਾਰਨਾਮਾ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਜਾਂਚ ਟੀਮ ਬਣਾਈ ਗਈ ਹੈ ਜੋ 24 ਘੰਟਿਆਂ ਵਿੱਚ ਪੂਰੇ ਮਾਮਲੇ ਦੀ ਰਿਪੋਰਟ ਦੇਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।