ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ 'ਆਪ' ਆਗੂਆਂ ਦਾ ਵਿਰੋਧ ਜਾਰੀ ਹੈ। ਇਸ ਪ੍ਰਦਰਸ਼ਨ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਸ਼ਿਰਕਤ ਕੀਤੀ। ਦਿੱਲੀ ਪੁਲੀਸ ਨੇ ਹਰਜੋਤ ਬੈਂਸ ਨੂੰ ਵੀ ਹਿਰਾਸਤ ਵਿੱਚ ਲੈ ਕੇ ਬੱਸ ਵਿੱਚ ਬਿਠਾ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦਿੱਲੀ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਵੀ ਹਿਰਾਸਤ ਵਿੱਚ ਲਿਆ ਹੈ।
ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਪਹੁੰਚੇ CM ਭਗਵੰਤ ਮਾਨ
ਇਸ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਦਿੱਲੀ ਪਹੁੰਚ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ। ਕੇਜਰੀਵਾਲ ਦੇ ਪਰਿਵਾਰ ਨੂੰ ਨਜ਼ਰਬੰਦ ਰੱਖਿਆ ਗਿਆ ਹੈ ਅਤੇ ਕਿਸੇ ਨੂੰ ਵੀ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।
ਦਿੱਲੀ ਦੇ ਕਈ ਇਲਾਕਿਆਂ 'ਚ ਧਾਰਾ 144 ਲਾਗੂ
'ਆਪ' ਵਰਕਰਾਂ ਦੇ ਵਿਰੋਧ ਦੇ ਮੱਦੇਨਜ਼ਰ ਦਿੱਲੀ 'ਚ ਕਈ ਥਾਵਾਂ 'ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤਾਂ ਜੋ ਸਮਰਥਕਾਂ ਦੀ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ। ਇਸ ਦੇ ਨਾਲ ਹੀ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ।
ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਦੁਖੀ ਨਹੀਂ
ਇਸ ਦੌਰਾਨ ਕੇਜਰੀਵਾਲ ਦੇ ਗੁਰੂ ਕਹੇ ਜਾਣ ਵਾਲੇ ਅੰਨਾ ਹਜ਼ਾਰੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਮੈਂ ਕੇਜਰੀਵਾਲ ਤੋਂ ਦੁਖੀ ਨਹੀਂ ਹਾਂ ਕਿਉਂਕਿ ਉਸਨੇ ਮੇਰੀ ਕੋਈ ਗੱਲ ਨਹੀਂ ਮੰਨੀ ਅਤੇ ਨਾ ਹੀ ਹੁਣ ਮੈਂ ਉਸ ਨੂੰ ਕੋਈ ਸਲਾਹ ਦੇਵਾਂਗਾ। ਸ਼ਰਾਬ ਨੀਤੀ ਅਪਣਾਉਣਾ ਹੀ ਗਲਤ ਸੀ। ਮੈਂ ਦੋ ਵਾਰ ਚਿੱਠੀਆਂ ਲਿਖ ਕੇ ਨਾਂਹ ਕਰ ਦਿੱਤੀ ਸੀ।