ਚੋਣ ਕਮਿਸ਼ਨ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਸਿਵਲ ਸਰਜਨ ਜਗਦੀਪ ਚਾਵਲਾ ਤੇ ਜਲੰਧਰ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਸੁਖਵਿੰਦਰ ਸਿੰਘ ਨੂੰ ਨੋਟਿਸ ਭੇਜਿਆ ਹੈ ਤੇ ਉਨ੍ਹਾਂ ਨੂੰ ਵੀ ਜਵਾਬ ਦੇਣ ਲਈ ਕਿਹਾ ਗਿਆ ਹੈ। ਦਰਅਸਲ ਵੈਲਫੇਅਰ ਸੁਸਾਇਟੀ ਆਫ ਹਿਊਮਨ ਰਾਈਟਸ ਨੇ ਦੋਵਾਂ ਮੈਡੀਕਲ ਅਫਸਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।
ਗਲੋਬਲ ਹਿਊਮਨ ਰਾਈਟਸ ਨੇ ਭੇਜੀ ਸੀ ਸ਼ਿਕਾਇਤ
ਗਲੋਬਲ ਹਿਊਮਨ ਰਾਈਟਸ ਵੈਲਫੇਅਰ ਸੋਸਾਇਟੀ ਨੇ ਚੋਣ ਕਮਿਸ਼ਨ ਨੂੰ ਭੇਜੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਭਾਰਤ ਦੀ ਕੇਂਦਰ ਸਰਕਾਰ ਦੇ ਅਧੀਨ ਕੰਮ ਕਰ ਰਹੀ ਹੈ ਤੇ ਅਪਰਾਧ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਦੀ ਹੈ। ਸਮੇਂ-ਸਮੇਂ 'ਤੇ ਸਾਡੀ ਸੁਸਾਇਟੀ ਦੇ ਮੈਂਬਰ ਵਿਸ਼ੇਸ਼ ਵਿਭਾਗਾਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਅਪਰਾਧ ਅਤੇ ਭ੍ਰਿਸ਼ਟਾਚਾਰ ਵਿਰੁੱਧ ਸ਼ਿਕਾਇਤਾਂ ਭੇਜਦੇ ਹਨ।
ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਕਰਦੇ ਸੁਣਵਾਈ
ਸੁਸਾਇਟੀ ਨੇ ਦੱਸਿਆ ਕਿ ਅਸੀਂ ਸਿਹਤ ਤੇ ਪਰਿਵਾਰ ਭਲਾਈ ਜਲੰਧਰ ਨੂੰ ਮਿਲਾਵਟੀ ਭੋਜਨ, ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਮਿਠਾਈ ਦੀਆਂ ਦੁਕਾਨਾਂ ਦੀ ਜਾਂਚ ਸਬੰਧੀ ਕਈ ਸ਼ਿਕਾਇਤਾਂ ਭੇਜੀਆਂ ਸਨ। ਸਿਵਲ ਸਰਜਨ ਜਲੰਧਰ ਬਹੁਤ ਲਾਪਰਵਾਹ ਵਿਅਕਤੀ ਹੈ। ਕਿਉਂਕਿ ਨਾ ਤਾਂ ਉਹ ਸ਼ਿਕਾਇਤਾਂ ਸੁਣਦੇ ਹਨ ਤੇ ਨਾ ਹੀ ਉਨ੍ਹਾਂ 'ਤੇ ਕੋਈ ਕਾਰਵਾਈ ਕਰਦਾ ਹੈ।
ਕਾਰਵਾਈ ਦਾ ਪੁੱਛਣ 'ਤੇ ਦੁਰਵਿਵਹਾਰ
ਸੁਸਾਇਟੀ ਨੇ ਕਿਹਾ ਕਿ ਅਸੀਂ ਇਹ ਸ਼ਿਕਾਇਤ ਗੈਰ-ਕਾਨੂੰਨੀ ਗਤੀਵਿਧੀਆਂ ਖਿਲਾਫ ਕਰ ਰਹੇ ਹਾਂ। ਜਦੋਂ ਅਸੀਂ ਜਗਦੀਪ ਚਾਵਲਾ (ਸਿਵਲ ਸਰਜਨ) ਨੂੰ ਸ਼ਿਕਾਇਤਾਂ 'ਤੇ ਕੀਤੀ ਗਈ ਕਾਰਵਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਡੀ ਸੁਸਾਇਟੀ ਦੇ ਮੈਂਬਰਾਂ ਨਾਲ ਬਦਸਲੂਕੀ ਕੀਤੀ।
ਸੀਨੀਅਰ ਮੈਡੀਕਲ ਅਫਸਰ ਨੇ ਦਿੱਤਾ ਇਹ ਬਿਆਨ
ਇਸ ਪੂਰੇ ਮਾਮਲੇ ਸਬੰਧੀ ਜਦੋਂ ਸਿਵਲ ਸਰਜਨ ਜਗਦੀਪ ਚਾਵਲਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਬੰਦ ਸੀ। ਉਧਰ ਇਸ ਮਾਮਲੇ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਗੱਲ ਸਾਡੇ ਧਿਆਨ ਵਿੱਚ ਨਹੀਂ ਆਈ ਹੈ।