ਮੋਹਾਲੀ 'ਚ ਇਕ ਵਾਰ ਫਿਰ ਪੁਲਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਹ ਮੁਕਾਬਲਾ ਖਰੜ ਦੇ ਦਾਊਮਾਜਰਾ ਨੇੜੇ ਹੋਇਆ। ਇਸ ਪੁਲਿਸ ਮੁਕਾਬਲੇ 'ਚ ਇੱਕ ਗੈਂਗਸਟਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਪੁਲਿਸ ਨੇ 2 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਦੀ ਜਵਾਬੀ ਗੋਲੀਬਾਰੀ 'ਚ ਗੈਂਗਸਟਰ ਜ਼ਖਮੀ
ਇਨ੍ਹਾਂ ਗੈਂਗਸਟਰਾਂ ਨੇ ਕੁਰਾਲੀ 'ਚ ਇਕ ਕਾਂਗਰਸੀ ਆਗੂ ਦੇ ਘਰ 'ਤੇ ਗੋਲੀਆਂ ਚਲਾਈਆਂ ਸਨ। ਪੁਲਿਸ ਨੂੰ ਜਿਵੇਂ ਹੀ ਇਨ੍ਹਾਂ ਗੈਂਗਸਟਰਾਂ ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੈਂਗਸਟਰਾਂ 'ਤੇ ਗੋਲੀਬਾਰੀ ਕੀਤੀ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
9 ਦਸੰਬਰ ਨੂੰ ਇਕ ਕਾਂਗਰਸੀ ਆਗੂ ਦੇ ਘਰ 'ਤੇ ਚਲਾਈਆਂ ਗੋਲੀਆਂ
ਦੱਸ ਦੇਈਏ ਕਿ 9 ਦਸੰਬਰ ਨੂੰ ਕੁਰਾਲੀ 'ਚ ਗਊ ਸੇਵਾ ਕਮਿਸ਼ਨ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚਾਵਲਾ ਦੇ ਘਰ ਗੈਂਗਸਟਰਾਂ ਨੇ ਆ ਕੇ ਗੋਲੀਆਂ ਚਲਾਈਆਂ ਸਨ। ਇੰਨਾ ਹੀ ਨਹੀਂ ਉਨ੍ਹਾਂ ਨੇ ਧਮਕੀ ਭਰੀ ਚਿੱਠੀ ਦੇ ਨਾਲ-ਨਾਲ ਘਰ ਦੇ ਵਿਹੜੇ 'ਚ ਗੋਲੀਆਂ ਵੀ ਸੁੱਟ ਦਿੱਤੀਆਂ ਤੇ ਉੱਥੋਂ ਚਲੇ ਗਏ।
ਕੱਲ੍ਹ ਅੰਮ੍ਰਿਤਸਰ 'ਚ ਹੋਇਆ ਐਨਕਾਊਂਟਰ
ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਗੈਂਗਸਟਰਾਂ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ ਵਾਰ-ਵਾਰ ਗੈਂਗਸਟਰਾਂ ਦਾ ਐਨਕਾਊਂਟਰ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਬੀਤੇ ਦਿਨ ਜੰਡਿਆਲਾ, ਅੰਮ੍ਰਿਤਸਰ 'ਚ ਵੀ ਗੈਂਗਸਟਰਾਂ ਦਾ ਮੁਕਾਬਲਾ ਕੀਤਾ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ।