ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਦੇ ਪਿਤਾ ਨਾਲ ਕਰੋੜਾਂ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਗਾਇਕ ਦੇ ਪਿਤਾ ਨਾਲ 1 ਕਰੋੜ 3 ਲੱਖ 73 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਮਾਂ ਅਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਗ੍ਰਿਫ਼ਤਾਰ ਮੁਲਜ਼ਮ ਜਸਵੀਰ ਕੌਰ ਦੇ ਪਤੀ ਅਤੇ ਨੂੰਹ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਪੁਰਾਣੇ ਵਾਹਨ ਜਿਵੇਂ ਟਰੈਕਟਰ-ਟ੍ਰੇਲਰ ਆਦਿ ਖਰੀਦ ਕੇ ਜਾਅਲੀ ਦਸਤਾਵੇਜ਼ਾਂ ਰਾਹੀਂ ਸਿੱਪੀ ਗਿੱਲ ਦੇ ਪਿਤਾ ਜੋਗਿੰਦਰ ਸਿੰਘ ਨੂੰ ਧੋਖਾ ਦੇ ਕੇ ਠੱਗਿਆ ਹੈ। ਇਸ ਸਬੰਧੀ ਮਹਿਣਾ ਥਾਣੇ ਦੀ ਪੁਲਿਸ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝੱਬੇਵਾਲੀ ਦੇ ਵਸਨੀਕ ਪਤੀ-ਪਤਨੀ, ਉਨ੍ਹਾਂ ਦੇ ਪੁੱਤਰ ਅਤੇ ਨੂੰਹ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਦੱਸ ਦੇਈਏ ਕਿ ਸਿੱਪੀ ਗਿੱਲ ਨੇ ਬਤੌਰ ਗਾਇਕ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਹੌਲੀ ਹੌਲੀ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਉਹ ਬਤੌਰ ਅਦਾਕਾਰ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਗੀਤਾਂ ਤੋਂ ਇਲਾਵਾ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਅਤੇ ਹੁਣ ਜਲਦ ਹੀ ਉਹ ਇੱਕ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ।