ਖ਼ਬਰਿਸਤਾਨ ਨੈੱਟਵਰਕ- ਭਾਰਤ ਵਿਚ ਪਾਕਿਸਤਾਨ ਦੀ ਜਾਸੂਸ ਬਣ ਕੇ ਖੂਫੀਆ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਸਾਂਝਾ ਕਰਨ ਵਾਲੀ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜੋਤੀ ਟ੍ਰੈਵਲ ਵਿਦ ਜੋ ਨਾਮਕ ਇੱਕ ਯੂਟਿਊਬ ਚੈਨਲ ਚਲਾਉਂਦੀ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਜਾਸੂਸੀ ਦੇ ਮਾਮਲੇ ਵਿੱਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
2023 ਵਿੱਚ ਪਾਕਿਸਤਾਨ ਗਈ ਸੀ
ਦੱਸਿਆ ਜਾ ਰਿਹਾ ਹੈ ਕਿ ਜੋਤੀ ਮਲਹੋਤਰਾ ਸਾਲ 2023 ਵਿੱਚ ਪਾਕਿਸਤਾਨ ਗਈ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਹੋਈ। ਜਿਸ ਤੋਂ ਬਾਅਦ ਦੋਵਾਂ ਵਿਚਕਾਰ ਬਹੁਤ ਡੂੰਘਾ ਰਿਸ਼ਤਾ ਬਣ ਗਿਆ। ਦਾਨਿਸ਼ ਰਾਹੀਂ, ਜੋਤੀ ਪਾਕਿਸਤਾਨੀ ਖੁਫੀਆ ਏਜੰਸੀ ਦੇ ਏਜੰਟਾਂ ਨੂੰ ਮਿਲੀ। ਜਿਸ ਤੋਂ ਬਾਅਦ ਉਸਨੇ ਏਜੰਟ ਦਾ ਨਾਮ ਆਪਣੇ ਫੋਨ ਵਿੱਚ ਜੱਟ ਰੰਧਾਵਾ ਦੇ ਰੂਪ ਵਿੱਚ ਸੇਵ ਕਰ ਲਿਆ।
ਵਟਸਐਪ ਅਤੇ ਟੈਲੀਗ੍ਰਾਮ 'ਤੇ ਕਰਦੇ ਸਨ ਗੱਲ
ਜਾਂਚ ਤੋਂ ਪਤਾ ਲੱਗਾ ਹੈ ਕਿ ਜੋਤੀ ਮਲਹੋਤਰਾ ਇਨ੍ਹਾਂ ਏਜੰਟਾਂ ਨਾਲ ਵਟਸਐਪ, ਟੈਲੀਗ੍ਰਾਮ ਅਤੇ ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਗੱਲ ਕਰ ਰਹੀ ਸੀ। ਉਹ ਸੋਸ਼ਲ ਮੀਡੀਆ 'ਤੇ ਆਪਣੇ ਵਲੌਗ ਵਿੱਚ ਪਾਕਿਸਤਾਨ ਦੇ ਹੱਕ ਵਿੱਚ ਚੰਗੀਆਂ ਗੱਲਾਂ ਕਹਿੰਦੀ ਸੀ ਅਤੇ ਇਸ ਦੇ ਨਾਲ ਹੀ ਉਹ ਭਾਰਤ ਬਾਰੇ ਸੰਵੇਦਨਸ਼ੀਲ ਜਾਣਕਾਰੀ ਵੀ ਸਾਂਝੀ ਕਰਦੀ ਸੀ।
ਜੋਤੀ ਇਕੱਲੀ ਨਹੀਂ ਹੈ ਜੋ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕਰ ਰਹੀ ਸੀ। ਇਸ ਵਿੱਚ ਪੰਜਾਬ ਦੇ ਮਲੇਰਕੋਟਲਾ ਦੀ 32 ਸਾਲਾ ਗਜ਼ਾਲਾ ਵੀ ਸ਼ਾਮਲ ਹੈ। ਉਹ ਦਾਨਿਸ਼ ਨਾਲ ਵਿੱਤੀ ਲੈਣ-ਦੇਣ ਅਤੇ ਵੀਜ਼ਾ ਪ੍ਰਕਿਰਿਆ ਵਿੱਚ ਮਦਦ ਕਰਨ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਯਾਮੀਨ ਮੁਹੰਮਦ, ਦਵਿੰਦਰ ਸਿੰਘ ਢਿੱਲੋਂ ਅਤੇ ਅਰਮਾਨ ਨਾਮਕ ਮੁਸਲਿਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਾਕਿਸਤਾਨ ਧਾਰਮਕ ਯਾਤਰਾ ਉਤੇ ਗਿਆ ਦਵਿੰਦਰ ਸਿੰਘ ਕਿੰਝ ਫਸਿਆ ਹਨੀਟ੍ਰੈਪ ਵਿਚ
ਹਰਿਆਣਾ ਦੇ ਕੈਥਲ ਵਿਚ ਫੜੇ ਪਾਕਿਸਤਾਨੀ ਜਾਸੂਸ ਦਵਿੰਦਰ ਸਿੰਘ (25) ਬਾਰੇ ਵੀ ਵੱਡਾ ਖ਼ੁਲਾਸਾ ਹੋਇਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਦਵਿੰਦਰ ਨੇ ਦਸਿਆ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ।
ਉਹ ਪਾਕਿਸਤਾਨ ਵਿਚ ਸਿੱਖ ਧਾਰਮਕ ਸਥਾਨਾਂ ਦੇ ਦਰਸ਼ਨ ਕਰਨ ਗਿਆ ਸੀ। ਜਿੱਥੇ ਇਕ ਨੌਜਵਾਨ ਔਰਤ ਨੇ ਉਸ ਨੂੰ ਹਨੀਟ੍ਰੈਪ ਵਿਚ ਫਸਾ ਲਿਆ। ਇਸ ਤੋਂ ਬਾਅਦ ਉਸ ਨੇ ਉਸ ਨੂੰ 7 ਦਿਨ ਅਪਣੇ ਕੋਲ ਰੱਖਿਆ।
ਆਈਐਸਆਈ ਦੇ ਏਜੰਟਾਂ ਨਾਲ ਜੁੜੇ ਲਿੰਕ
ਕੁੜੀ ਨੇ ਉਸ ਨੂੰ ਪਾਕਿਸਤਾਨ ਵਿਚ ਜਾਸੂਸੀ ਦੀ ਸਿਖਲਾਈ ਦਿਤੀ। ਫਿਰ ਉਸ ਦਾ ਸੰਪਰਕ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ 5 ਏਜੰਟਾਂ ਨਾਲ ਹੋਇਆ। ਕੁੜੀ ਨੇ ਉਸ ਨੂੰ ਇਹ ਕਹਿ ਕੇ ਭਰਮਾਇਆ ਕਿ ਜੇ ਉਹ ਉਸ ਨੂੰ ਗੁਪਤ ਜਾਣਕਾਰੀ ਦੇਵੇਗਾ ਤਾਂ ਇਸ ਦੇ ਬਦਲੇ ਉਹ ਉਸ ਨੂੰ ਸੁੰਦਰ ਕੁੜੀਆਂ ਨਾਲ ਦੋਸਤੀ ਕਰਵਾਏਗੀ। ਇਸ ਤੋਂ ਇਲਾਵਾ ਉਸ ਨੂੰ ਪੈਸੇ ਵੀ ਮਿਲਣਗੇ।
ਸੋਸ਼ਲ ਮੀਡੀਆ ਤੇ ਹਥਿਆਰਾਂ ਵਾਲੀ ਫੋਟੋ ਪਾਉਣ ਨਾਲ ਚੜ੍ਹਿਆ ਪੁਲਸ ਦੀ ਨਜ਼ਰੇ
ਨੌਜਵਾਨ ਲਾਲਚੀ ਹੋ ਗਿਆ ਅਤੇ ਫ਼ੌਜ ਨਾਲ ਸਬੰਧਤ ਜਾਣਕਾਰੀ ਭੇਜਣ ਲੱਗਾ। ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਫ਼ੋਟੋ ਪੋਸਟ ਕਰਨ ਤੋਂ ਬਾਅਦ ਪੁਲਿਸ ਨੇ ਕੈਥਲ ਦੇ ਗੁਹਲਾ ਪੁਲਿਸ ਸਟੇਸ਼ਨ ਵਿਚ ਉਸ ਨੌਜਵਾਨ ਵਿਰੁਧ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਇਹ ਵੱਡਾ ਖ਼ੁਲਾਸਾ ਹੋਇਆ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ।
ਮੁਲਜ਼ਮ ਦਵਿੰਦਰ ਸਿੰਘ ਖ਼ਾਲਸਾ ਕਾਲਜ, ਪਟਿਆਲਾ ਵਿਚ ਐਮਏ ਪਹਿਲੇ ਸਾਲ ਦੇ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੈ। ਉਹ ਪਟਿਆਲਾ ਵਿਚ ਹੀ ਕਿਰਾਏ 'ਤੇ ਰਹਿ ਰਿਹਾ ਸੀ। ਉਸ ਨੇ 13 ਮਈ ਨੂੰ ਫੇਸਬੁੱਕ 'ਤੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਸਬੰਧਤ ਇਕ ਪੋਸਟ ਪਾਈ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਗਈ।