ਹਰਿਆਣਾ ਅਤੇ ਪੰਜਾਬ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਭੁੱਖ ਹੜਤਾਲ 'ਤੇ ਰਹਿਣਗੇ। ਮੋਰਚੇ 'ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ। ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਵਿੱਚ ਲੰਗਰ ਨਾ ਲਿਆਉਣ ਲਈ ਕਹਿ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰ ਕੇ ਦਿੱਲੀ ਕੂਚ ਨੂੰ ਲੈ ਕੇ ਐਲਾਨ ਕਰ ਸਕਦੇ ਹਨ।
ਦੂਜੇ ਪਾਸੇ ਖਨੌਰੀ ਬਾਰਡਰ 'ਤੇ ਪੰਜਾਬ ਪੁਲਸ ਵੀ ਅਲਰਟ ਮੋਡ 'ਤੇ ਹੈ। ਸੋਮਵਾਰ ਨੂੰ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੱਧੂ ਡੱਲੇਵਾਲ ਨੂੰ ਮਿਲਣ ਪੁੱਜੇ ਸਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਜ਼ਿਆਦਾ ਖਰਾਬ ਹੋ ਰਹੀ ਹੈ। ਉਨ੍ਹਾਂ ਦਾ ਮਰਨ ਵਰਤ 15ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਨੂੰ ਸਟੇਜ 'ਤੇ ਆਉਣ 'ਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦੇ ਅਤੇ ਜਿਗਰ 'ਤੇ ਅਸਰ ਪੈ ਰਿਹਾ ਹੈ। ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹੋਇਆਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ 124/95, ਸ਼ੂਗਰ 93, ਨਬਜ਼ 87 ਹੈ। ਭਾਰ 11 ਕਿਲੋ ਘੱਟ ਹੋ ਗਿਆ ਹੈ।
MSP ਗਾਰੰਟੀ ਕਾਨੂੰਨ ਬਣਨ ਤੱਕ ਜਾਰੀ ਰਹੇਗਾ ਮਰਨ ਵਰਤ : ਡੱਲੇਵਾਲ
ਡੱਲੇਵਾਲ ਦਾ ਕਹਿਣਾ ਹੈ ਕਿ ਇਹ ਇੱਕ ਸਰਬਪੱਖੀ ਲੜਾਈ ਹੈ ਤੇ ਉਨ੍ਹਾਂ ਦਾ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ। ਇਸ ਦੌਰਾਨ ਡੱਲੇਵਾਲ ਭਾਵੁਕ ਨਜ਼ਰ ਆਏ। ਉਨ੍ਹਾਂ ਦੇ ਭਾਵੁਕ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਡੱਲੇਵਾਲ ਨਾਲ ਮੁਲਾਕਾਤ ਦੌਰਾਨ ਉਹ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਭਾਵੁਕ ਨਜ਼ਰ ਆਏ।
11 ਦਸੰਬਰ ਨੂੰ ਧਾਰਮਕ ਅਸਥਾਨਾਂ 'ਤੇ ਹੋਵੇਗੀ ਅਰਦਾਸ
ਡੱਲੇਵਾਲ ਦੀ ਸਿਹਤਯਾਬੀ ਲਈ ਕਿਸਾਨ 11 ਦਸੰਬਰ ਨੂੰ ਸਾਰੇ ਪਿੰਡਾਂ 'ਚ ਧਾਰਮਕ ਅਸਥਾਨਾਂ 'ਤੇ ਅਰਦਾਸ ਕਰਨਗੇ। ਇਸ ਲਈ ਰਣਨੀਤੀ ਬਣਾਈ ਗਈ ਹੈ। ਕਿਸਾਨਾਂ ਨੇ ਮੰਚ ਤੋਂ ਮੰਗ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਮੋਰਚੇ ਵਿੱਚ ਪੁੱਜਣ, ਤਾਂ ਜੋ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ।
6 ਤੇ 8 ਦਸੰਬਰ ਨੂੰ ਕਿਸਾਨਾਂ ਨੇ ਦਿੱਲੀ ਕੂਚ ਦੀ ਕੀਤੀ ਸੀ ਕੋਸ਼ਿਸ਼
ਦੱਸ ਦੇਈਏ ਕਿ ਕਿਸਾਨਾਂ ਨੇ 6 ਤੇ 8 ਦਸੰਬਰ ਨੂੰ ਦਿੱਲੀ ਲਈ ਪੈਦਲ ਕੂਚ ਕੀਤੀ ਸੀ ਪਰ ਹਰਿਆਣਾ ਪੁਲਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਆਏ ਦਿਨ ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜੱਥਾ ਦਿੱਲੀ ਦੇ ਕੂਚ ਲਈ ਰਵਾਨਾ ਹੋ ਰਿਹਾ ਪਰ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਦੇ ਉੱਤੇ ਹੰਜੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ, ਅੱਖਾਂ ਵਿਚ ਜਲਣ ਕਰਨ ਵਾਲੀ ਸਪਰੇਅ, ਫੁੱਲਾਂ ਵਿਚ ਕੈਮੀਕਲ ਪਾ ਕੇ ਸਾਡੇ ਉਤੇ ਸੁੱਟੇ ਗਏ। ਇਸ ਤੋਂ ਸਾਫ ਕਿਹਾ ਜਾ ਸਕਦਾ ਕਿ ਸਰਕਾਰ ਕਹਿ ਕੁਝ ਹੋਰ ਰਹੀ ਹੈ ਪਰ ਕਰ ਕੁਝ ਹੋਰ ਰਹੀ ਹੈ। ਕਿਉਂਕਿ ਪਹਿਲਾਂ ਉਹਨਾਂ ਨੂੰ ਪੈਦਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਹੁਣ ਉਹਨਾਂ ਨੂੰ ਪੈਦਲ ਵੀ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ, ਜਿਸ ਦੇ ਕਾਰਨ ਕਿਸਾਨਾਂ ਵਿੱਚ ਕਾਫੀ ਜਿਆਦਾ ਰੋਸ ਹੈ।
ਦਿੱਲੀ ਕੂਚ ਦੌਰਾਨ ਕਈ ਕਿਸਾਨ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਸਨ। ਇਸ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 101 ਕਿਸਾਨਾਂ ਨੂੰ ਵਾਪਸ ਬੁਲਾ ਲਿਆ।