ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਹੈਬੋਵਾਲ ਸਥਿਤ ਪ੍ਰੇਮ ਵਿਹਾਰ 'ਚ ਮਾਂ-ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਚਾਰ ਦਿਨ ਬਾਅਦ ਜਦੋਂ ਲਾਸ਼ 'ਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਤਾਂ ਇਲਾਕੇ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਅਤੇ ਉਸ ਦੇ ਲੜਕੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਸੂਤਰਾਂ ਮੁਤਾਬਕ ਪੁਲਸ ਨੂੰ ਇਕ ਵਿਅਕਤੀ 'ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਹਿਰਾਸਤ 'ਚ ਲੈ ਲਿਆ। ਇਸ ਦੇ ਨਾਲ ਹੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦਾ ਪਤਾ ਲੱਗ ਸਕੇ। ਜਾਣਕਾਰੀ ਅਨੁਸਾਰ ਔਰਤ ਸਫ਼ਾਈ ਸੇਵਕ ਵਜੋਂ ਕੰਮ ਕਰਦੀ ਸੀ ਅਤੇ ਆਪਣੇ ਬੇਟੇ ਨਾਲ ਰਹਿੰਦੀ ਸੀ। ਉਸ ਦਾ ਆਪਣੇ ਪਤੀ ਨਾਲ ਵੀ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਦੋਵੇਂ 3-4 ਸਾਲਾਂ ਤੋਂ ਵੱਖ ਰਹਿ ਰਹੇ ਸਨ। ਸਥਾਨਕ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਸੋਨੀਆ ਪਿਛਲੇ ਕਈ ਦਿਨਾਂ ਤੋਂ ਨਜ਼ਰ ਨਹੀਂ ਆ ਰਹੀ ਸੀ। ਜਦੋਂ ਮੁਹੱਲੇ ਦੀਆਂ ਔਰਤਾਂ ਮਿਲਣ ਆਈਆਂ ਤਾਂ ਘਰ ਚੋ ਬਦਬੂ ਆ ਰਹੀ ਸੀ। ਇਸ ਨਾਲ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਹੋਰ ਲੋਕਾਂ ਨੂੰ ਬੁਲਾਇਆ, ਜਦੋਂ ਅੰਦਰੋਂ ਕੋਈ ਬਾਹਰ ਨਾ ਆਇਆ ਤਾਂ ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਜਦੋਂ ਪੁਲਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਔਰਤ ਅਤੇ ਉਸ ਦਾ ਪੁੱਤਰ ਕੰਬਲ 'ਚ ਪਏ ਮਿਲੇ । ਉਨ੍ਹਾਂ ਨੇ ਕੰਬਲ ਹਟਾਇਆ ਅਤੇ ਦੇਖਿਆ ਕਿ ਉਨ੍ਹਾਂ ਦੇ ਮੱਥੇ 'ਤੇ ਡੂੰਘੇ ਜ਼ਖਮ ਦੇ ਨਿਸ਼ਾਨ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਪੁਲਸ ਨੇ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਅਤੇ ਉਥੋਂ ਸਬੂਤ ਇਕੱਠੇ ਕਰਨ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਇਸ ਦੇ ਨਾਲ ਹੀ ਮਹਿਲਾ ਦੇ ਪਤੀ ਨੂੰ ਬੁਲਾ ਕੇ ਵੀ ਕਾਰਵਾਈ ਕੀਤੀ ਜਾ ਰਹੀ ਹੈ।
4 ਦਿਨ ਪਹਿਲਾਂ ਹੋਇਆ ਸੀ ਕਤਲ
ਲਾਸ਼ ਦੀ ਹਾਲਤ ਕਾਫੀ ਖਰਾਬ ਸੀ, ਇਸ ਲਈ ਪੁਲਸ ਦਾ ਕਹਿਣਾ ਹੈ ਕਿ ਮੌਤ 3-4 ਦਿਨ ਪਹਿਲਾਂ ਹੋਈ ਹੋਵੇਗੀ ਕਿਉਂਕਿ ਲਾਸ਼ 'ਤੇ ਖੂਨ ਵੀ ਜੰਮ ਗਿਆ ਸੀ। ਮਾਂ-ਪੁੱਤ ਦਾ ਕਤਲ ਉਸ ਸਮੇਂ ਹੋਇਆ ਜਦੋਂ ਦੋਵੇਂ ਸੁੱਤੇ ਪਏ ਸਨ, ਇਹ ਘਟਨਾ ਰਾਤ ਦੇ 2-3 ਵਜੇ ਵਾਪਰ ਸਕਦੀ ਸੀ , ਕਿਉਂਕਿ ਦੋਵਾਂ ਵਿੱਚੋਂ ਕਿਸੇ ਨੇ ਵੀ ਆਪਣੇ ਆਪ ਨੂੰ ਬਚਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ।
ਜਾਣਕਾਰੀ ਮੁਤਾਬਕ ਸੋਨੀਆ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੀ ਸੀ ਪਰ ਜਿਸ ਵਿਅਕਤੀ ਨਾਲ ਉਹ ਰਹਿ ਰਹੀ ਸੀ, ਉਹ ਪਿਛਲੇ ਇਕ ਮਹੀਨੇ ਤੋਂ ਨਹੀਂ ਆਇਆ ਸੀ। ਪੁਲਸ ਨੂੰ ਉਸ 'ਤੇ ਸ਼ੱਕ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਪਰ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।