ਲੁਧਿਆਣਾ 'ਚ ਸ਼ੁੱਕਰਵਾਰ ਨੂੰ ਅਦਾਲਤ ਨੇ 13 ਪੁਲਿਸ ਮੁਲਾਜ਼ਮਾਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਸਾਲ 2003 ਵਿੱਚ ਸ਼ਿਕਾਇਤਕਰਤਾ ਸੁਭਾਸ਼ ਕੈਟੀ ਅਤੇ ਮਰਹੂਮ ਬਿੱਟੂ ਚਾਵਲਾ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਵਧੀਕ ਸੈਸ਼ਨ ਜੱਜ ਡਾ. ਅਜੀਤ ਅਤਰਾ ਨੇ ਦੋਵਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫ਼ੈਸਲਾ ਦਿੱਤਾ। ਉਥੇ ਹੀ ਦੂਸਰੇ ਪਾਸੇ ਦੋਸ਼ੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।
14 ਮੁਲਾਜ਼ਮਾਂ ਖ਼ਿਲਾਫ਼ ਸ਼ਿਕਾਇਤ
ਸ਼ਿਕਾਇਤਕਰਤਾ ਸੁਭਾਸ਼ ਕੈਟੀ ਨੇ ਦੱਸਿਆ ਕਿ ਉਸ ਨੇ 14 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਰਿਸ਼ਵਤ ਦੇ ਮਾਮਲੇ ਵਿੱਚ FIR ਦਰਜ ਕਰਵਾਈ ਸੀ। ਇਸ ਦੌਰਾਨ ਪੁਲਿਸ ਨੇ ਉਸ ਖ਼ਿਲਾਫ਼ ਝੂਠਾ ਕੇਸ ਵੀ ਦਰਜ ਕੀਤਾ ਸੀ। ਹਰੇਕ ਪੁਲਿਸ ਮੁਲਾਜ਼ਮ ’ਤੇ 4 ਤੋਂ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਦੋਸ਼ ਸੀ।