ਖਬਰਿਸਤਾਨ ਨੈੱਟਵਰਕ ਲੁਧਿਆਣਾ- ਸਿਟੀ ਥਾਣਾ 2 ਵਿੱਚ ਤਾਇਨਾਤ ਏ.ਐਸ.ਆਈ. 'ਤੇ ਔਰਤ ਨੇ ਗੰਭੀਰ ਦੋਸ਼ ਲਾਏ ਹਨ। ਸਿਵਲ ਹਸਪਤਾਲ ਖੰਨਾ 'ਚ ਦਾਖਲ ਔਰਤ ਨੇ ਦੱਸਿਆ ਕਿ ਥਾਣੇ ਦੇ ਗੇਟ 'ਤੇ ਏ.ਐੱਸ.ਆਈ ਵੱਲੋਂ ਉਸ ਦੀ ਕੁੱਟ-ਮਾਰ ਕੀਤੀ ਗਈ ਅਤੇ ਉਸ ਦੇ ਕੱਪੜੇ ਫਾੜੇ ਗਏ। ਇਹ ਵੀ ਦੋਸ਼ ਹੈ ਕਿ ਸ਼ਿਕਾਇਤ 'ਤੇ ਕਾਰਵਾਈ ਕਰਨ ਦਾ ਵਾਅਦਾ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾਏ।
ਔਰਤ ਨੇ ਲਾਏ ਇਹ ਦੋਸ਼
ਔਰਤ ਦਾ ਕਹਿਣਾ ਹੈ ਕਿ ਉਹ ਐਤਵਾਰ ਸਵੇਰੇ ਥਾਣੇ ਗਈ, ਜਿੱਥੇ ਏਐਸਆਈ ਮਦਨ ਸਿੰਘ ਨੇ ਉਸ ਨਾਲ ਦੁਰ-ਵਿਵਹਾਰ ਕੀਤਾ ਅਤੇ ਏਐਸਆਈ ਨੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਘਟਨਾ ਤੋਂ ਬਾਅਦ ਉਹ ਸਿਵਲ ਹਸਪਤਾਲ ਖੰਨਾ ਪਹੁੰਚੀ। ਉਥੇ ਸਟਾਫ ਨੇ ਉਸ ਦੇ ਫਟੇ ਹੋਏ ਕੱਪੜਿਆਂ 'ਤੇ ਸੇਫਟੀ ਪਿੰਨ ਲਗਾ ਕੇ ਉਸ ਦੇ ਸਰੀਰ ਨੂੰ ਢਕਿਆ।
ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ
ਹਸਪਤਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤਾ ਨੇ ਦੱਸਿਆ ਕਿ ਉਹ ਕਿਸੇ ਹੋਰ ਵਿਅਕਤੀ ਨਾਲ ਰਿਲੇਸ਼ਨ ਵਿਚ ਸੀ। ਉਸ ਨੇ ਉਸ ਵਿਅਕਤੀ ਨੂੰ ਕਿਸੇ ਹੋਰ ਔਰਤ ਨਾਲ ਦੇਖਿਆ ਸੀ, ਜਿਸ ਤੋਂ ਬਾਅਦ ਉਸ ਨੇ ਇਸ ਵਿਅਕਤੀ ਖਿਲਾਫ ਥਾਣਾ ਸਿਟੀ 2 'ਚ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ’ਤੇ ਕਾਰਵਾਈ ਕਰਨ ਲਈ ਏਐਸਆਈ ਮਦਨ ਸਿੰਘ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਹੁਣ ਉਹ ਫਿਰ ਉਸ ਨੂੰ ਮਜਬੂਰ ਕਰ ਰਿਹਾ ਸੀ ਪਰ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ।
ASI ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਦੱਸ ਦੇਈਏ ਕਿ ਏਐਸਆਈ ਮਦਨ ਸਿੰਘ ਖੁਦ ਕੈਮਰੇ ਦੇ ਸਾਹਮਣੇ ਨਹੀਂ ਆਏ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਮਹਿਲਾ ਬਿਨਾਂ ਬੁਲਾਏ ਥਾਣੇ ਆਈ ਸੀ। ਉਸ ਨੂੰ ਕਿਸੇ ਨੇ ਵੀ ਅਰਜ਼ੀ ਬਾਰੇ ਫੋਨ ਨਹੀਂ ਕੀਤਾ ਸੀ। ਔਰਤ ਨੇ ਆਉਂਦੇ ਹੀ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਧਮਕੀਆਂ ਵੀ ਦਿੱਤੀਆਂ।ਸਾਰੇ ਦੋਸ਼ ਬਿਲਕੁਲ ਝੂਠੇ ਹਨ।
CCTV ਫੁਟੇਜ ਦੇਖੀ, ਕੋਈ ਸੱਚਾਈ ਨਹੀਂ : SHO
ਸਿਟੀ ਥਾਣਾ-2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਥਾਣੇ ਦੇ ਅੰਦਰ ਅਤੇ ਬਾਹਰ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੇਖੀ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਔਰਤ ਝੂਠ ਬੋਲ ਰਹੀ ਹੈ। ਇਸ ਔਰਤ ਨੇ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਜਾਇਦਾਦ ਦੇ ਝਗੜੇ ਸਬੰਧੀ ਇੱਕ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਔਰਤ ਬਿਨਾਂ ਬੁਲਾਏ ਥਾਣੇ ਆ ਗਈ। ASI ਨੂੰ ਧਮਕਾਇਆ ਗਿਆ ਅਤੇ ਕਿਸੇ ਨੇ ਵੀ ਔਰਤ ਨੂੰ ਕੁਝ ਨਹੀਂ ਕਿਹਾ। ਔਰਤ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।