ਭਾਨਾ ਸਿੱਧੂ ਦੇ ਹੱਕ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਸ ਨੇ ਸਮਰਾਲਾ ਨੇੜੇ ਰੋਕ ਲਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਜਾਣ ਨਹੀਂ ਦਿੱਤਾ ਜਾਂਦਾ, ਅਸੀਂ ਇੱਥੇ ਹਾਈਵੇਅ ਜਾਮ ਕਰ ਕੇ ਬੈਠੇ ਹਾਂ।
ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕੀਤਾ
ਕਿਸਾਨਾਂ ਨੇ ਦੱਸਿਆ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀ ਪਰ ਸਾਨੂੰ ਸਮਰਾਲਾ ਪੁਲਸ ਨੇ ਰੋਕ ਲਿਆ। ਜਿਸ ਕਾਰਨ ਅਸੀਂ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ। ਹੁਣ ਜਦੋਂ ਤੱਕ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ, ਅਸੀਂ ਇੱਥੇ ਹਾਈਵੇਅ ਜਾਮ ਕਰ ਕੇ ਬੈਠੇ ਹਾਂ ਅਤੇ ਜਿੱਥੇ ਵੀ ਸਾਨੂੰ ਰੋਕਿਆ ਜਾਵੇਗਾ, ਅਸੀਂ ਹਾਈਵੇਅ ਨੂੰ ਜਾਮ ਕਰ ਦੇਵਾਂਗੇ।
ਕਿਸਾਨਾਂ ਨੂੰ ਰੋਕਣ 'ਤੇ ਕਿਸਾਨ ਜਥੇਬੰਦੀਆਂ ਗੁੱਸੇ 'ਚ
ਇਸ ਦੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਦੀਆਂ ਕਈ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਰੋਕਣ 'ਤੇ ਗੁੱਸੇ 'ਚ ਆ ਗਈਆਂ। ਉਨ੍ਹਾਂ ਅੰਮ੍ਰਿਤਸਰ, ਫ਼ਿਰੋਜ਼ਪੁਰ, ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਦੇ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ। ਸੜਕਾਂ ਵੀ ਜਾਮ ਹੋਣ ਲੱਗ ਪਈਆਂ ਹਨ। ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ ਵੀ ਜਾਮ ਕਰ ਦਿੱਤਾ ਗਿਆ ਹੈ। ਧਰਨੇ ਦੇ ਮੱਦੇਨਜ਼ਰ ਸੰਗਰੂਰ ਵਿੱਚ ਮੁੱਖ ਮੰਤਰੀ ਹਾਊਸ ਦੇ ਬਾਹਰ ਬੈਰੀਕੇਡ ਲਾ ਦਿੱਤੇ ਗਏ ਹਨ।
ਬਦਲਾਖੋਰੀ ਕਾਰਨ ਭਾਨਾ ਸਿੱਧੂ ਨੂੰ ਕੀਤਾ ਗ੍ਰਿਫਤਾਰ
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਸਿਰਫ਼ ਟਰੈਵਲ ਏਜੰਟਾਂ ਤੋਂ ਧੋਖਾਧੜੀ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਪੈਸੇ ਹੀ ਵਾਪਸ ਕਰਵਾਉਂਦਾ ਸੀ। ਪੰਜਾਬ ਦੀ 'ਆਪ' ਸਰਕਾਰ ਖਿਲਾਫ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਕਾਰਣ ਉਸ ਖਿਲਾਫ ਬਦਲਾਖੋਰੀ ਤਹਿਤ ਕੇਸ ਦਰਜ ਕੀਤੇ ਗਏ ਹਨ।