ਕਿਸਾਨ ਮਜ਼ਦੂਰ ਮੋਰਚਾ ਤੇ ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਅੱਜ ਮੁਹਾਲੀ ਵਿੱਚ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ਵਿੱਚ ਇਨਸਾਫ਼ ਮਾਰਚ ਕੱਢਿਆ। ਜਿਸ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਕੰਗਨਾ ਖਿਲਾਫ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਇਸ ਦੌਰਾਨ ਸਾਂਝੇ ਕਿਸਾਨ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਐਸਐਸਪੀ ਮੁਹਾਲੀ ਨੂੰ ਇੱਥੇ ਪੁੱਜ ਕੇ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਵਿੱਚ ਧਰਨੇ ’ਤੇ ਬੈਠੀਆਂ ਮਹਿਲਾ ਕਿਸਾਨਾਂ ਖ਼ਿਲਾਫ਼ 100-100 ਰੁਪਏ ਲਈ ਭੀੜ ਇਕੱਠੀ ਕਰਨ ਨੂੰ ਲੈ ਕੇ ਵਿਵਾਦਤ ਬਿਆਨ, ਕਿਸਾਨਾਂ ਨੂੰ ਦਹਿਸ਼ਤਗਰਦਾਂ ਨਾਲ ਜੋੜਨ ਬਾਰੇ ਸ਼ਿਕਾਇਤ ਦਰਜ ਕਰਨ ਦੀ ਮੰਗ ਕਰਦੇ ਹਨ।
ਥੱਪੜ ਦਾ ਕੋਈ ਸਬੂਤ ਜਾਂ ਵੀਡੀਓ ਨਹੀਂ ਹੈ
ਪੰਧੇਰ ਨੇ ਕਿਹਾ ਕਿ ਕੁਲਵਿੰਦਰ ਕੌਰ ਨੂੰ ਝੂਠਾ ਮੁਕੱਦਮਾ ਬਣਾ ਕੇ ਫਸਾਇਆ ਜਾ ਰਿਹਾ ਹੈ, ਜਦਕਿ ਹੁਣ ਤੱਕ ਉਸ 'ਤੇ ਜੋ ਥੱਪੜ ਮਾਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਉਸ ਸਬੰਧੀ ਕੋਈ ਸਬੂਤ ਜਾਂ ਵੀਡੀਓ ਸਾਹਮਣੇ ਨਹੀਂ ਆਈ ਹੈ।
ਇਹ ਇਨਸਾਫ਼ ਮਾਰਚ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਤੋਂ ਸ਼ੁਰੂ ਹੋ ਕੇ ਐਸਐਸਪੀ ਮੁਹਾਲੀ ਦੇ ਦਫ਼ਤਰ ਤੱਕ ਗਿਆ। ਜਿੱਥੇ ਕਿਸਾਨ ਆਗੂਆਂ ਨੇ ਐਸਐਸਪੀ ਮੋਹਾਲੀ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਨੇ ਇਸ ਸਮੁੱਚੀ ਘਟਨਾ ਦੀ ਇਮਾਨਦਾਰੀ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ।
ਕੰਗਨਾ ਖਿਲਾਫ 8 ਅਪਰਾਧਿਕ ਮਾਮਲੇ ਪੈਂਡਿੰਗ - ਕਿਸਾਨ ਨੇਤਾ
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਅਮਰਜੀਤ ਸਿੰਘ ਮੋਹਰੀ ਅਤੇ ਤੇਜਵੀਰ ਸਿੰਘ ਨੇ ਕਿਹਾ ਕਿ ਕੰਗਣਾ ਰਣੌਤ 'ਤੇ ਪਹਿਲਾਂ ਵੀ ਸਮਾਜ ਨੂੰ ਅਸ਼ਾਂਤ ਤੇ ਸਮਾਜ ਵਿੱਚ ਜ਼ਹਿਰ ਫੈਲਾਉਣ ਦੇ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਖਿਲਾਫ 8 ਅਪਰਾਧਿਕ ਮਾਮਲੇ ਪੈਂਡਿੰਗ ਹਨ।
ਇਸ ਮਾਮਲੇ ਵਿੱਚ ਪੰਜਾਬ ਕਿਸਾਨ ਕਾਂਗਰਸ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਸੀਆਈਐਸਐਫ ਦੀ ਮਹਿਲਾ ਕੁਲਵਿੰਦਰ ਕੌਰ ਦੇ ਪੱਖ ਚ ਆ ਗਏ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕੰਗਨਾ ਰਣੌਤ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸੰਸਦ ਵਿੱਚ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿਣ ਦਾ ਜਵਾਬ ਦੇਣਾ ਚਾਹੀਦਾ ਹੈ। ਪੰਜਾਬ ਦੇ ਲੋਕ ਸਭਾ ਮੈਂਬਰਾਂ ਨੂੰ ਵੀ ਇਸ ਸਬੰਧੀ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਣਾ ਚਾਹੀਦਾ ਹੈ।
ਇਸ ਦੇ ਨਾਲ CISF ਮਹਿਲਾ ਕਰਮਚਾਰੀ 'ਤੇ ਮਾਮਲਾ ਦਰਜ ਕਰਨ ਨਾਲ ਕਾਂਗਰਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਕਿਸਾਨਾਂ ਨੂੰ ਬਿਨਾਂ ਜਾਂਚ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਕਿਰਨਜੀਤ ਸਿੰਘ ਸੰਧੂ (ਮਿੱਠਾ) ਨੇ ਕਿਹਾ ਕਿ ਪੰਜਾਬ ਕਿਸਾਨ ਕਾਂਗਰਸ ਦੇ ਸਮੂਹ ਮੈਂਬਰ ਅੰਤ ਤੱਕ ਇਸ ਲੜਾਈ ਵਿੱਚ ਕੁਲਵਿੰਦਰ ਕੌਰ ਤੇ ਉਸਦੇ ਪਰਿਵਾਰ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਜੋ ਵੀ ਸੰਘਰਸ਼ ਕੀਤਾ ਜਾਵੇਗਾ, ਪੰਜਾਬ ਕਿਸਾਨ ਕਾਂਗਰਸ ਦੇ ਵਰਕਰ ਉਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਸਮਰਥਨ ਕਰਨਗੇ।
ਕੰਗਨਾ ਰਣੌਤ ਨੂੰ ਹਿਸਟਰੀ ਸ਼ੀਟਰ ਕਿਹਾ ਜਾਂਦਾ ਸੀ -ਕਿਸਾਨ ਆਗੂ
ਕਿਸਾਨ ਆਗੂਆਂ ਨੇ ਕਿਹਾ ਕਿ ਕੁਲਵਿੰਦਰ ਕੌਰ ਅਤੇ ਉਸ ਦਾ ਪਤੀ ਦੋਵੇਂ ਸੀਆਈਐਸਐਫ ਵਿੱਚ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਆਪਣੀ ਸੇਵਾ ਵਿੱਚ ਕਦੇ ਵੀ ਅਜਿਹੇ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਿਆ, ਜਦੋਂਕਿ ਭਾਜਪਾ ਆਗੂ ਕੰਗਨਾ ਰਣੌਤ ਇੱਕ ਹਿਸਟਰੀਸ਼ੀਟਰ ਹੈ ਤੇ ਲੋਕ ਉਸ ਉੱਤੇ ਭੜਕਾਉਣ ਦੇ ਗੰਭੀਰ ਦੋਸ਼ ਲਗਾ ਰਹੇ ਹਨ। ਭੜਕਾਊ ਭਾਸ਼ਣ ਦੇ ਕੇ ਸਮਾਜਿਕ ਅਸ਼ਾਂਤੀ ਫੈਲਾਈ ਜਾ ਰਹੀ ਹੈ। ਉਨ੍ਹਾਂ ਵਿਰੁੱਧ ਪਹਿਲਾਂ ਹੀ ਆਈਪੀਸੀ ਦੀਆਂ ਧਾਰਾਵਾਂ 153ਏ, 153ਬੀ, 298, 504, 505-1, 505ਏ, 505ਬੀ, 505-2, 195ਏ, 506 ਤਹਿਤ 8 ਅਪਰਾਧਿਕ ਦੋਸ਼ ਹਨ।
ਕੁਝ ਮਾਮਲੇ ਇਸ ਪ੍ਰਕਾਰ ਹਨ:
1. ਜਾਵੇਦ ਅਖਤਰ ਵੱਲੋਂ ਅੰਧੇਰੀ, ਮੁੰਬਈ ਵਿੱਚ ਮਾਣਹਾਨੀ ਦਾ ਕੇਸ
2. ਬਾਂਦਰਾ ਪੁਲਿਸ ਸਟੇਸ਼ਨ, ਮੁੰਬਈ ਵਿੱਚ ਕਹਾਣੀ ਚੋਰੀ ਕਰਨ ਲਈ ਕਾਪੀਰਾਈਟ ਦੀ ਉਲੰਘਣਾ।
3. ਮਹਿੰਦਰ ਕੌਰ ਵੱਲੋਂ 2021 ਵਿੱਚ ਮੈਜਿਸਟ੍ਰੇਟ ਅਦਾਲਤ, ਬਠਿੰਡਾ ਅੱਗੇ ਦਾਇਰ ਮਾਣਹਾਨੀ ਦਾ ਮੁਕੱਦਮਾ।