ਸੰਯੁਕਤ ਕਿਸਾਨ ਮੋਰਚਾ ਨੇ 13 ਅਕਤੂਬਰ ਨੂੰ ਪੰਜਾਬ ਭਰ ਦੀਆਂ ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ 13 ਅਕਤੂਬਰ ਨੂੰ ਪੰਜਾਬ ਦੀਆਂ ਸੜਕਾਂ 3 ਘੰਟੇ ਲਈ ਜਾਮ ਕੀਤੀਆਂ ਜਾਣਗੀਆਂ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਗਿਆ। ਰਾਜੇਵਾਲ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਫਸਲਾਂ ਦੀ ਖਰੀਦ ਸ਼ੁਰੂ ਨਹੀਂ ਹੋਈ, ਇਸ ਲਈ ਪੰਜਾਬ ਅਤੇ ਦਿੱਲੀ ਦੋਵੇਂ ਸਰਕਾਰਾਂ ਦੋਸ਼ੀ ਹਨ।
13 ਨੂੰ ਆਵਾਜਾਈ ਬੰਦ ਰਹੇਗੀ
ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੰਜਾਬ ਵਿੱਚੋਂ ਝੋਨਾ ਸ਼ਿਫਟ ਨਾ ਕੀਤਾ ਤਾਂ ਪੰਜਾਬ ਤਬਾਹ ਹੋ ਜਾਵੇਗਾ। ਇਸ ਦੇ ਮੱਦੇਨਜ਼ਰ ਅਸੀਂ 13 ਤਰੀਕ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਪੰਜਾਬ ਭਰ ਵਿੱਚ ਆਵਾਜਾਈ ਬੰਦ ਕਰਾਂਗੇ ਅਤੇ 14 ਤਰੀਕ ਨੂੰ ਕਿਸਾਨ ਭਵਨ ਵਿਖੇ ਸਮੂਹ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕੀਤੀ ਜਾਵੇਗੀ।
ਕਈ ਲੋਕਾਂ ਤੋਂ ਘੱਟ ਭਾਅ 'ਤੇ ਝੋਨਾ ਲਿਆ ਜਾ ਰਿਹੈ
ਕਿਸਾਨ ਆਗੂ ਨੇ ਕਿਹਾ ਕਿ ਸਾਡੇ ਗੁਦਾਮਾਂ ਵਿੱਚ ਝੋਨਾ ਅਜੇ ਵੀ ਬਕਾਇਆ ਪਿਆ ਹੈ, ਜਿਸ ਲਈ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਸਾਰੇ ਗੁਦਾਮ ਜਲਦੀ ਖਾਲੀ ਕਰਵਾਏ, ਕਿਉਂਕਿ ਪੰਜਾਬ ਦਾ ਭਵਿੱਖ ਬਚਾਉਣਾ ਹੈ। ਇਹ ਫੈਸਲਾ ਜਥੇਬੰਦੀਆਂ ਨੇ ਮਿਲ ਕੇ ਲਿਆ ਹੈ ਕਿਉਂਕਿ ਇਹ ਮਸਲਾ ਸਾਡਾ ਨਹੀਂ ਸਗੋਂ ਪੂਰੇ ਪੰਜਾਬ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਤੋਂ ਘੱਟ ਭਾਅ 'ਤੇ ਝੋਨਾ ਲਿਆ ਜਾ ਰਿਹਾ ਹੈ।