ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਕਰਨਗੇ ਪੈਦਲ ਮਾਰਚ, ਹਰਿਆਣੇ ਦੇ ਮੰਤਰੀ ਬਿਆਨਾਂ 'ਤੇ ਕਾਇਮ ਰਹਿਣ : ਪੰਧੇਰ
ਕਿਸਾਨ ਆਗੂਆਂ ਨੇ ਦਿੱਲੀ ਵੱਲ ਮਾਰਚ ਕਰਨ ਲਈ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਲਈ ਰਵਾਨਾ ਹੋਣਗੀਆਂ, ਸਾਰੇ ਕਿਸਾਨ ਪੈਦਲ ਹੀ ਦਿੱਲੀ ਜਾਣਗੇ। ਸਵੇਰ ਹੁੰਦੇ ਹੀ ਅਸੀਂ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦੇਵਾਂਗੇ।
ਕਿਸਾਨ ਪੈਦਲ ਹੀ ਕਰਨਗੇ ਦਿੱਲੀ ਵੱਲ ਕੂਚ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂ ਮਰਜੀਵੜਿਆਂ (ਮਰਣ ਲਈ ਤਿਆਰ) ਦੇ ਜਥੇ ਵਜੋਂ ਪਹਿਲੀ ਕਤਾਰ ਵਿੱਚ ਚੱਲਣਗੇ। ਹੋਰ ਕਿਸਾਨ ਉਨ੍ਹਾਂ ਦੇ ਪਿੱਛੇ ਚੱਲਣਗੇ। ਜਿੱਥੇ ਵੀ ਰਾਤ ਹੋਵੇਗੀ, ਕਿਸਾਨ ਸੜਕ 'ਤੇ ਹੀ ਡੇਰੇ ਲਗਾ ਲੈਣਗੇ। ਸਵੇਰ ਹੁੰਦੇ ਹੀ ਮੁੜ ਦਿੱਲੀ ਵੱਲ ਵਧਣਾ ਸ਼ੁਰੂ ਕਰ ਦੇਵਾਂਗੇ।
ਦਿਨ ਵਿੱਚ ਸਿਰਫ਼ 8 ਘੰਟੇ ਹੀ ਪੈਦਲ ਚੱਲਣਗੇ ਕਿਸਾਨ
ਪੰਧੇਰ ਨੇ ਅੱਗੇ ਕਿਹਾ ਕਿ ਕਿਸਾਨ ਜ਼ਰੂਰੀ ਵਸਤਾਂ ਆਪਣੇ ਨਾਲ ਲੈ ਕੇ ਜਾਣਗੇ। ਪਹਿਲਾ ਸਟਾਪ ਜੱਗੀ ਸਿਟੀ, ਅੰਬਾਲਾ ਵਿਖੇ ਹੋਵੇਗਾ। ਇਸ ਤੋਂ ਬਾਅਦ ਕਿਸਾਨਾਂ ਦਾ ਇੱਕ ਜਥਾ ਮੋਹੜਾ ਮੰਡੀ, ਖਾਨਪੁਰ ਜੱਟਾਂ ਅਤੇ ਪਿੱਪਲੀ ਪਹੁੰਚੇਗਾ। ਸਾਰੇ ਕਿਸਾਨ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 8 ਘੰਟੇ ਹੀ ਚੱਲਣਗੇ।
ਹਰਿਆਣੇ ਦੇ ਮੰਤਰੀ ਆਪਣੇ ਬਿਆਨਾਂ 'ਤੇ ਕਾਇਮ ਰਹਿਣ
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਈ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜੇਕਰ ਕਿਸਾਨ ਪੈਦਲ ਜਾਣ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ। ਅਜਿਹੇ 'ਚ ਅਸੀਂ ਉਮੀਦ ਕਰਦੇ ਹਾਂ ਕਿ ਉਹ ਆਪਣੇ ਬਿਆਨ 'ਤੇ ਕਾਇਮ ਰਹਿਣਗੇ।
'Farmer Protest','Farmer Movement','Kisan Andolan','Sarwan Singh Pandher',''