ਅਮਰੀਕਾ ਦੇ ਜਾਰਜੀਆ ਦੇ ਇੱਕ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ , ਜਿਸ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੁਲਸ ਅਤੇ ਮੈਡੀਕਲ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਰਿਪੋਰਟ ਮੁਤਾਬਕ ਇਸ ਘਟਨਾ ਵਿੱਚ ਮਰਨ ਵਾਲਿਆਂ ਵਿੱਚ 2 ਅਧਿਆਪਕ ਅਤੇ 2 ਵਿਦਿਆਰਥੀ ਸ਼ਾਮਲ ਹਨ।
ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਸਥਿਤੀ ਨੂੰ ਕਾਬੂ ਕਰ ਲਿਆ। ਬੈਰੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਗੋਲੀ ਚਲਾਉਣ ਵਾਲਾ ਵਿਦਿਆਰਥੀ 14 ਸਾਲ ਦਾ ਹੈ , ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਉਹ ਉਸੇ ਸਕੂਲ ਦਾ ਵਿਦਿਆਰਥੀ ਸੀ ਜਾਂ ਨਹੀ । ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਰੈਪਿਡ ਐਕਸ਼ਨ ਫੋਰਸ (RAF) ਨੂੰ ਬੁਲਾਇਆ ਗਿਆ।
ਜਾਰਜੀਆ ਦੇ ਗਵਰਨਰ ਨੇ ਘਟਨਾ ਦੀ ਕੀਤੀ ਪੁਸ਼ਟੀ
ਮੀਡੀਆ ਰਿਪੋਰਟਾਂ ਮੁਤਾਬਕ ਸਕੂਲ 'ਚ ਗੋਲੀਬਾਰੀ 'ਚ ਮਾਰੇ ਗਏ ਲੋਕਾਂ ਤੋਂ ਇਲਾਵਾ 30 ਲੋਕ ਜ਼ਖਮੀ ਵੀ ਹੋਏ ਹਨ। ਇੱਕ ਵਿਅਕਤੀ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ, ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ (GBI) ਨੇ ਪੁਸ਼ਟੀ ਕੀਤੀ ਕਿ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਰਾਜ ਦੀਆਂ ਏਜੰਸੀਆਂ ਇਸ ਘਟਨਾ ਦਾ ਨੋਟਿਸ ਲੈ ਰਹੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।