ਖ਼ਬਰਿਸਤਾਨ ਨੈੱਟਵਰਕ: ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ 8ਵੀਂ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਹ ਧਮਕੀ ਸ਼ੁੱਕਰਵਾਰ ਦੇਰ ਰਾਤ ਈਮੇਲ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਭੇਜੀ ਗਈ ਸੀ। ਪਿਛਲੇ 6 ਦਿਨਾਂ ਵਿੱਚ ਇਹ 8ਵੀਂ ਧਮਕੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਧਾਈ ਸੁਰੱਖਿਆ
ਲਗਾਤਾਰ ਧਮਕੀਆਂ ਮਿਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ੱਕੀ ਵਿਅਕਤੀਆਂ 'ਤੇ ਵੀ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੀ ਪੂਰੀ ਚੌਕਸੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤਾਇਨਾਤ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੂਬੇ ਅਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਤਕਨਾਲੋਜੀ ਅਤੇ ਸਾਧਨਾਂ ਦੇ ਬਾਵਜੂਦ ਅਸਲ ਦੋਸ਼ੀ ਦਾ ਹੁਣ ਤੱਕ ਨਾ ਮਿਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਥੇਦਾਰ ਨੇ ਮੰਗ ਕੀਤੀ ਕਿ ਦੋਸ਼ੀ ਨੂੰ ਜਲਦੀ ਤੋਂ ਜਲਦੀ ਖਾਲਸਾ ਪੰਥ ਦੇ ਸਾਹਮਣੇ ਪੇਸ਼ ਕੀਤਾ ਜਾਵੇ ਅਤੇ ਧਮਕੀ ਦੇ ਪਿੱਛੇ ਦੇ ਮਕਸਦ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
ਸ਼ੱਕ ਦੇ ਆਧਾਰ 'ਤੇ ਇੱਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲਿਸ ਨੇ ਇਸ ਮਾਮਲੇ ਵਿੱਚ ਸ਼ੁਭਮ ਦੂਬੇ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੁਭਮ 24 ਸਾਲ ਦਾ ਹੈ ਅਤੇ ਇੱਕ ਸਾਫਟਵੇਅਰ ਇੰਜੀਨੀਅਰ ਹੈ। ਉਹ ਦੋ ਕੰਪਨੀਆਂ ਵਿੱਚ ਕੰਮ ਕਰ ਚੁੱਕਾ ਹੈ, ਪਰ ਹੁਣ ਬੇਰੁਜ਼ਗਾਰ ਹੈ। ਕੁਝ ਤਕਨੀਕੀ ਸਬੂਤ ਮਿਲੇ ਹਨ, ਜਿਸ ਕਾਰਨ ਸ਼ੁਭਮ 'ਤੇ ਸ਼ੱਕ ਹੋਇਆ ਹੈ। ਫਿਲਹਾਲ ਸ਼ੁਭਮ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।