ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਦੂਲੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨੇ ਜਾਣ ਦਾ ਵਿਰੋਧ ਕੀਤਾ ਹੈ। ਦੂਲੋ ਨੇ ਚੰਨੀ 'ਤੇ ਐਸਸੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਨਾ ਕਰਨ ਦਾ ਦੋਸ਼ ਲਾਇਆ, ਜਿਨ੍ਹਾਂ ਨੂੰ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਕਥਿਤ ਘਪਲੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦੂਲੋ ਨੇ ਕਿਹਾ, “ਸੰਸਦ ਵਿੱਚ ਪੇਸ਼ ਕੈਗ ਦੀ ਰਿਪੋਰਟ ਦੇ ਅਨੁਸਾਰ, ਕਥਿਤ ਘੁਟਾਲੇ ਕਾਰਨ 12 ਲੱਖ ਦਲਿਤ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਫਰਜ਼ੀ ਦਾਖਲਿਆਂ ਕਾਰਨ 56 ਕਰੋੜ ਰੁਪਏ ਗਬਨ ਕੀਤੇ ਗਏ ਸਨ, ਪਰ ਮੁੱਖ ਮੰਤਰੀ ਵਜੋਂ ਚੰਨੀ ਨੇ ਉਨ੍ਹਾਂ ਸਾਰੀਆਂ 70 ਸੰਸਥਾਵਾਂ ਨੂੰ ਰਾਹਤ ਦਿੱਤੀ ਜਿਨ੍ਹਾਂ ਤੋਂ ਵਸੂਲੀ ਕੀਤੀ ਜਾਣੀ ਸੀ। ਮੰਤਰੀ ਮੰਡਲ ਨੇ ਉਨ੍ਹਾਂ ਵਿਰੁੱਧ ਕੋਈ ਐਫਆਈਆਰ ਦਰਜ ਨਾ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਜਦੋਂ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਾਂ ਜਲੰਧਰ ਸੀਟ ਤੋਂ ਉਮੀਦਵਾਰੀ ਲਈ ਚਰਚਾ 'ਚ ਹੈ, ਉਦੋਂ ਤੋਂ ਉਨ੍ਹਾਂ ਦੀ ਹੀ ਪਾਰਟੀ ਦੇ ਨੇਤਾਵਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਦੂਲੋ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਸਬੰਧੀ ਕੁਝ ਨਹੀਂ ਕਰ ਸਕੀ। ਇਸੇ ਦੌਰਾਨ ਬੰਗਾ ਦੇ ਅਕਾਲੀ ਵਿਧਾਇਕ ਡਾ.ਸੁਖਵਿੰਦਰ ਸੁੱਖੀ ਨੇ ਹਾਲ ਹੀ ਵਿੱਚ ਵਿਧਾਨ ਸਭਾ ਵਿੱਚ ਵੀ ਵਜ਼ੀਫੇ ਦਾ ਮੁੱਦਾ ਉਠਾਇਆ ਸੀ।