ਜਲੰਧਰ ਲੋਕ ਸਭਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਨੂੰ ਪਾਰਟੀ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਪਾਰਟੀ ਹਾਈਕਮਾਂਡ ਵੱਲੋਂ ਅਜੇ ਜਨਤਕ ਐਲਾਨ ਹੋਣਾ ਬਾਕੀ ਹੈ। ਜਲੰਧਰ ਤੋਂ ਚੌਧਰੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸੀਟ ਨਹੀਂ ਦਿੱਤੀ ਗਈ। ਹਾਈਕਮਾਂਡ ਨੇ ਇਸ ਬਾਰੇ ਕਾਫੀ ਵਿਚਾਰ ਕੀਤਾ ਤੇ ਚੰਨੀ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਜਲੰਧਰ ਸੀਟ ਲਈ ਕਈ ਉਮੀਦਵਾਰ ਸਨ
ਲੋਕ ਸਭਾ ਚੋਣਾਂ ਦੀ ਤਰੀਕ ਦਾ ਅਜੇ ਐਲਾਨ ਨਹੀਂ ਹੋਇਆ ਹੈ ਪਰ ਚੋਣ ਜ਼ਾਬਤਾ ਮਾਰਚ ਮਹੀਨੇ ਵਿੱਚ ਹੀ ਲਾਗੂ ਹੋਣ ਦੀ ਸੰਭਾਵਨਾ ਹੈ ਅਤੇ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। ਜਲੰਧਰ ਸੀਟ ਲਈ ਕਈ ਉਮੀਦਵਾਰਾਂ ਨੇ ਹਾਈਕਮਾਂਡ ਅੱਗੇ ਆਪਣੀ ਦਾਅਵੇਦਾਰੀ ਵੀ ਪੇਸ਼ ਕੀਤੀ ਸੀ।
ਜਿਸ ਵਿੱਚ ਸੇਵਾਮੁਕਤ ਐਸਐਸਪੀ ਰਜਿੰਦਰ ਸਿੰਘ ਵੀ ਸ਼ਾਮਲ ਹਨ। ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਕਰਤਾਰਪੁਰ ਵਿਖੇ ਵਿਸ਼ਾਲ ਰੈਲੀ ਕੀਤੀ ਸੀ। ਜਿਸ ਵਿੱਚ ਪੰਜਾਬ ਇੰਚਾਰਜ ਦਵਿੰਦਰ ਯਾਦਵ, ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ ਪਰ ਰਾਜਿੰਦਰ ਸਿੰਘ ਨੂੰ ਸੀਟ ਨਹੀਂ ਮਿਲ ਸਕੀ।
ਦਲਿਤ ਵੋਟਾਂ ਸਭ ਤੋਂ ਵੱਧ ਹਨ, ਚੰਨੀ ਨੂੰ ਫਾਇਦਾ ਹੋਵੇਗਾ
ਜਲੰਧਰ ਵਿੱਚ 35 ਫੀਸਦੀ ਤੋਂ ਵੱਧ ਵੋਟਾਂ ਦਲਿਤ ਭਾਈਚਾਰੇ ਦੀਆਂ ਹਨ। ਚਰਨਜੀਤ ਸਿੰਘ ਚੰਨੀ ਇਸ ਦਾ ਲਾਭ ਉਠਾ ਸਕਦੇ ਹਨ। ਦੱਸ ਦੇਈਏ ਕਿ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਜ਼ਿਮਨੀ ਚੋਣ ਵਿਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਕਰਮਜੀਤ ਕੌਰ ਚੌਧਰੀ ਨੂੰ ਮੈਦਾਨ ਵਿੱਚ ਉਤਾਰਿਆ ਗਿ। ਪਰ ਸੁਸ਼ੀਲ ਕੁਮਾਰ ਰਿੰਕੂ ਨੇ ਉਨ੍ਹਾਂ ਨੂੰ ਵੱਡੇ ਫਰਕ ਨਾਲ ਹਰਾਇਆ ਸੀ।