ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਹੈ। ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਹੁਣ ਕੋਈ ਵੀ ਸ਼ਹਿਰ ਵਿੱਚ ਚੋਣ ਪ੍ਰਚਾਰ ਸਮੱਗਰੀ, ਪੋਸਟਰ ਅਤੇ ਪੈਂਫਲੇਟ ਨਹੀਂ ਵੰਡ ਸਕੇਗਾ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਨੂੰ 6 ਮਹੀਨੇ ਦੀ ਕੈਦ ਤੇ 2,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਸਬੰਧੀ ਅੱਜ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਐਸਐਸਪੀ ਮੁਖਵਿੰਦਰ ਭੁੱਲਰ ਨਾਲ ਮੀਟਿੰਗ ਵੀ ਕੀਤੀ ਗਈ।
16 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਪਾਉਣਗੇ
ਚੋਣ ਅਧਿਕਾਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਜਲੰਧਰ ਦੇ 16 ਲੱਖ 42 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਸ ਵਿੱਚ 8.5 ਲੱਖ ਪੁਰਸ਼, 7.88 ਲੱਖ ਔਰਤਾਂ ਅਤੇ 42 ਟ੍ਰਾਂਸਜੈਂਡਰ ਵੀ ਸ਼ਾਮਲ ਹਨ। ਵੋਟਿੰਗ ਲਈ ਜ਼ਿਲ੍ਹੇ ਵਿੱਚ 1951 ਪੋਲਿੰਗ ਸਟੇਸ਼ਨ ਹੋਣਗੇ।
39 ਹਜ਼ਾਰ ਨੌਜਵਾਨ ਪਹਿਲੀ ਵਾਰ ਵੋਟ ਪਾਉਣਗੇ
ਡੀਸੀ ਵਿਸ਼ੇਸ਼ ਸਾਰੰਗਲ ਨੇ ਅੱਗੇ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਜਲੰਧਰ ਵਿੱਚ ਪਹਿਲੀ ਵਾਰ 39 ਹਜ਼ਾਰ ਨੌਜਵਾਨ ਵੋਟ ਪਾਉਣਗੇ। ਸਾਡਾ ਟੀਚਾ ਇਸ ਵਾਰ 70 ਫੀਸਦੀ ਤੋਂ ਵੱਧ ਵੋਟਿੰਗ ਕਰਵਾਉਣਾ ਹੈ ਅਤੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ 'ਚ ਲੋਕਾਂ ਨੂੰ ਸ਼ਾਮਲ ਕਰਨਾ ਹੈ।
ਜਲਦ ਕੀਤੇ ਜਾਣਗੇ ਹਥਿਆਰ ਜ਼ਬਤ
ਡੀਸੀ ਵਿਸ਼ੇਸ਼ ਸਾਰੰਗਲ ਨੇ ਕਮਿਸ਼ਨਰ ਅਤੇ ਐਸਐਸਪੀ ਨੂੰ ਲਾਇਸੈਂਸੀ ਬੰਦੂਕ ਧਾਰਕਾਂ ਦੇ ਹਥਿਆਰ ਜਲਦੀ ਤੋਂ ਜਲਦੀ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਚੋਣਾਂ ਅਮਨ-ਅਮਾਨ ਨਾਲ ਕਰਵਾਈਆਂ ਜਾ ਸਕਣ। ਵੋਟਿੰਗ ਲਈ ਸ਼ਹਿਰ ਵਿੱਚ 2 ਹਜ਼ਾਰ ਅਤੇ ਪੇਂਡੂ ਖੇਤਰਾਂ ਵਿੱਚ 1800 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
ਬੈਂਕਾਂ 'ਤੇ ਵੀ ਨਜ਼ਰ ਰੱਖੀ ਜਾਵੇਗੀ
ਚੋਣਾਂ ਦੌਰਾਨ ਪੈਸੇ ਦੇ ਲੈਣ-ਦੇਣ ਦੀ ਦੁਰਵਰਤੋਂ ਅਤੇ ਜ਼ਿਆਦਾ ਨਕਦੀ ਲੈ ਕੇ ਜਾਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਨੂੰ ਸ਼ੱਕੀ ਐਂਟਰੀ 'ਤੇ ਪੁਲਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ।