ਚੋਣ ਕਮਿਸ਼ਨ ਨੇ ਰਾਜਸਥਾਨ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ 'ਚ ਬਦਲਾਅ ਕਰ ਦਿੱਤਾ ਹੈ। ਹੁਣ ਰਾਜਸਥਾਨ ਵਿੱਚ 23 ਨਵੰਬਰ ਦੀ ਬਜਾਏ 25 ਨਵੰਬਰ ਨੂੰ ਚੋਣਾਂ ਹੋਣਗੀਆਂ। ਇਸ ਦੇ ਨਤੀਜੇ 3 ਦਸੰਬਰ ਨੂੰ ਆਉਣਗੇ। ਚੋਣ ਕਮਿਸ਼ਨ ਨੇ ਇਸ ਦਾ ਕਾਰਨ ਵੱਡੇ ਪੱਧਰ 'ਤੇ ਹੋਣ ਵਾਲੇ ਵਿਆਹਾਂ ਅਤੇ ਸਮਾਜਿਕ ਪ੍ਰੋਗਰਾਮਾਂ ਨੂੰ ਦੱਸਿਆ ਹੈ।
ਦੱਸ ਦੇਈਏ ਕਿ ਨਵੰਬਰ ਮਹੀਨੇ ਤੋਂ ਦੇਸ਼ ਦੇ 5 ਰਾਜਾਂ ਵਿੱਚ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਵੱਲੋਂ 10 ਅਕਤੂਬਰ ਨੂੰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਸੀ। ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ, ਮਿਜ਼ੋਰਮ ਵਿੱਚ 7 ਨਵੰਬਰ ਨੂੰ, ਤੇਲੰਗਾਨਾ ਵਿੱਚ 30 ਨਵੰਬਰ ਨੂੰ ਜਦੋਂਕਿ ਛੱਤੀਸਗੜ੍ਹ ਵਿੱਚ 7 ਅਤੇ 17 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ।
16.14 ਕਰੋੜ ਲੋਕ 679 ਦੇ ਭਵਿੱਖ ਦਾ ਫੈਸਲਾ ਕਰਨਗੇ
ਇਨ੍ਹਾਂ 5 ਸੂਬਿਆਂ 'ਚ 679 ਸੀਟਾਂ 'ਤੇ ਚੋਣਾਂ ਹੋਣਗੀਆਂ। ਜਿਸ ਵਿੱਚ 16.14 ਕਰੋੜ ਵੋਟਰ ਆਪਣੀ ਵੋਟ ਪਾਉਣਗੇ। ਜਿਸ ਵਿੱਚ ਪੁਰਸ਼ਾਂ ਦੀ ਗਿਣਤੀ 8.2 ਕਰੋੜ ਅਤੇ ਔਰਤਾਂ ਦੀ ਗਿਣਤੀ 7.8 ਕਰੋੜ ਹੈ।
ਔਰਤਾਂ ਦੀ ਭਾਗੀਦਾਰੀ ਵੱਧ ਰਹੀ ਹੈ
ਚੋਣ ਕਮਿਸ਼ਨ ਨੇ ਕਿਹਾ ਕਿ ਚੋਣਾਂ ਵਿੱਚ ਔਰਤਾਂ ਦੀ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ। ਜੋ ਕਿ ਇੱਕ ਲੋਕਤੰਤਰੀ ਦੇਸ਼ ਲਈ ਬਹੁਤ ਵਧੀਆ ਮਿਸਾਲ ਹੈ। ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ 60.2 ਲੱਖ ਵੋਟਰ ਵੋਟ ਪਾਉਣਗੇ। ਇਸ ਦੇ ਲਈ ਅਸੀਂ ਘਰ-ਘਰ ਜਾ ਕੇ ਵੋਟਰਾਂ ਦੀ ਸੂਚੀ ਤਿਆਰ ਕੀਤੀ ਹੈ।
17 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ ਵੋਟਰ ਸੂਚੀ
ਚੋਣ ਕਮਿਸ਼ਨ ਨੇ ਅੱਗੇ ਦੱਸਿਆ ਕਿ ਇਨ੍ਹਾਂ 5 ਰਾਜਾਂ ਦੇ 1 ਲੱਖ 77 ਹਜ਼ਾਰ ਪੋਲਿੰਗ ਬੂਥਾਂ 'ਤੇ ਵੋਟਾਂ ਪੈਣਗੀਆਂ। ਬਜ਼ੁਰਗਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਪੋਲਿੰਗ ਸਟੇਸ਼ਨ 2 ਕਿਲੋਮੀਟਰ ਤੋਂ ਵੱਧ ਦੂਰ ਨਹੀਂ ਹੋਣਗੇ। ਵੋਟਰਾਂ ਦੀ ਸੂਚੀ 17 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਆਦਿਵਾਸੀਆਂ ਲਈ ਵਿਸ਼ੇਸ਼ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਚੋਣ ਰਾਜਾਂ ਵਿੱਚ 940 ਚੈੱਕ ਪੋਸਟ ਤਿਆਰ ਕੀਤੇ ਜਾਣਗੇ।
31 ਅਕਤੂਬਰ ਤੱਕ ਪਾਰਟੀਆਂ ਨੂੰ ਫੰਡਿੰਗ ਦੀ ਦੇਣੀ ਪਵੇਗੀ ਜਾਣਕਾਰੀ
ਪਾਰਟੀਆਂ ਨੂੰ 31 ਅਕਤੂਬਰ ਤੱਕ ਫੰਡਿੰਗ ਦੀ ਜਾਣਕਾਰੀ ਦੇਣੀ ਪਵੇਗੀ। ਚੋਣਾਂ ਤੋਂ ਬਾਅਦ ਵੀ ਪਾਰਟੀ ਨੂੰ ਖਰਚਿਆਂ ਦੀ ਜਾਣਕਾਰੀ ਦੇਣੀ ਪਵੇਗੀ। ਰਿਪੋਰਟ ਆਉਣ ਤੋਂ ਬਾਅਦ ਹੀ ਪਾਰਟੀਆਂ ਨੂੰ ਟੈਕਸ ਛੋਟ ਦਿੱਤੀ ਜਾਵੇਗੀ।