ਪੰਜਾਬ ਦੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਆਖਰਕਾਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਪਿਛਲੇ ਕਈ ਦਿਨਾਂ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਉਨ੍ਹਾਂ ਦੇ ਨਾਲ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਇਹ ਕਦਮ ਜਲੰਧਰ ਦੇ ਵਿਕਾਸ ਲਈ ਚੁੱਕੇ ਗਏ - ਸੁਸ਼ੀਲ ਰਿੰਕੂ
ਇਸ ਸਿਆਸੀ ਉਥਲ-ਪੁਥਲ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਕਿਹਾ ਕਿ ਉਨ੍ਹਾਂ ਨੇ ਜਲੰਧਰ ਦੇ ਵਿਕਾਸ ਲਈ ਇਹ ਕਦਮ ਚੁੱਕਿਆ ਹੈ ਪਰ ਸ਼ੀਤਲ ਅੰਗੁਰਾਲ ਨੇ ਇਸ ਦੌਰਾਨ ਕੁਝ ਨਹੀਂ ਕਿਹਾ। ਹੁਣ ਇਸ ਉਥਲ-ਪੁਥਲ ਤੋਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਿੰਕੂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਛੱਡੀ ਪਰ ਸ਼ੀਤਲ ਅੰਗੁਰਾਲ ਨੇ ਪਾਰਟੀ ਕਿਉਂ ਛੱਡੀ ਹੈ, ਕੀ ਉਹ ਵੀ ਕਿਤੇ ਟਿਕਟ ਦਾ ਦਾਅਵੇਦਾਰ ਹੈ ਜਾਂ ਉਸ 'ਤੇ ਕਿਸੇ ਤਰ੍ਹਾਂ ਦਾ ਦਬਾਅ ਹੈ।
ਸ਼ੀਤਲ ਅੰਗੁਰਾਲ ਨੇ ਬੁੱਧਵਾਰ ਦੁਪਹਿਰ ਨੂੰ ਦਿੱਲੀ ਪ੍ਰੈੱਸ ਕਾਨਫਰੰਸ ਤੋਂ ਠੀਕ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕੀਤਾ। ਅੰਗੁਰਾਲ ਨੇ ਇਸ ਪੋਸਟ 'ਚ ਲਿਖਿਆ- ਮੈਂ ਆਮ ਆਦਮੀ ਪਾਰਟੀ 'ਚ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਰਿਹਾ ਹਾਂ।
ਸੁਸ਼ੀਲ ਰਿੰਕੂ ਨੇ ਕਿਹਾ ਕਿ ਮੈਂ ਜਲੰਧਰ ਰਹਿੰਦਿਆਂ ਦੋ ਸਾਲ ਤੁਹਾਡੇ ਨਾਲ ਕੰਮ ਕੀਤਾ। ਹਰ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ 'ਆਪ' ਸਰਕਾਰ ਨੇ ਮੈਨੂੰ ਅਜਿਹਾ ਨਹੀਂ ਕਰਨ ਦਿੱਤਾ। ਮੈਂ ਕਾਫ਼ੀ ਨਿਰਾਸ਼ ਸੀ। ਇਸੇ ਲੜੀ ਤਹਿਤ ਜਦੋਂ ਮੈਂ ਭਾਜਪਾ ਦੇ ਮੰਤਰੀਆਂ ਤੋਂ ਮਦਦ ਮੰਗੀ ਤਾਂ ਉਨ੍ਹਾਂ ਨੇ ਮੇਰੀ ਗੱਲ ਸੁਣੀ ਅਤੇ ਸ਼ਹਿਰ ਦੇ ਕੰਮ ਵੀ ਕਰਵਾਏ। ਰਿੰਕੂ ਨੇ ਕਿਹਾ ਕਿ ਮੈਨੂੰ ਸੱਤਾ ਦਾ ਕੋਈ ਲਾਲਚ ਨਹੀਂ। ਮੈਂ ਇਹ ਕਦਮ ਜਲੰਧਰ ਦੇ ਲੋਕਾਂ ਦੀ ਬਿਹਤਰੀ ਲਈ ਹੀ ਚੁੱਕਿਆ ਹੈ।
ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਲਈ ਜਲੰਧਰ (ਰਿਜ਼ਰਵ) ਸੀਟ ਤੋਂ ਸੁਸ਼ੀਲ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਰਿੰਕੂ ਬੁੱਧਵਾਰ ਸਵੇਰੇ ਦਿੱਲੀ ਤੋਂ ਜਲੰਧਰ ਲਈ ਰਵਾਨਾ ਹੋਏ ਅਤੇ ਸਿੱਧੇ ਭਾਜਪਾ ਹੈੱਡਕੁਆਰਟਰ ਪਹੁੰਚੇ।
ਇੱਕ ਹਫ਼ਤਾ ਪਹਿਲਾਂ ਸੁਸ਼ੀਲ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ ਜਦੋਂ ਉਹ ਅਯੁੱਧਿਆ ਵਿੱਚ ਸਨ। ਫਿਰ ਉਨ੍ਹਾਂ ਨੇ ਖੁਦ ਇਸ ਤੋਂ ਇਨਕਾਰ ਕੀਤਾ। ਉਦੋਂ ਰਿੰਕੂ ਨੇ ਕਿਹਾ ਸੀ ਕਿ ਉਹ 'ਆਪ' ਛੱਡ ਕੇ ਕਿਤੇ ਨਹੀਂ ਜਾ ਰਿਹਾ। ਇਨ੍ਹਾਂ ਵਿਚਾਰਾਂ ਤੋਂ ਬਾਅਦ ਉਹ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲੇ।
ਜਨਵਰੀ 2023 ਵਿੱਚ, ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਜਲੰਧਰ ਲੋਕ ਸਭਾ ਸੀਟ ਲਈ ਉਪ ਚੋਣ ਤੋਂ ਠੀਕ ਪਹਿਲਾਂ 6 ਅਪ੍ਰੈਲ 2023 ਨੂੰ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ‘ਆਪ’ ਨੇ ਰਿੰਕੂ ਨੂੰ ਜ਼ਿਮਨੀ ਚੋਣ ਵਿੱਚ ਮੈਦਾਨ ਵਿੱਚ ਉਤਾਰਿਆ ਜਿੱਥੇ ਉਹ ਸੰਤੋਖ ਚੌਧਰੀ ਦੀ ਪਤਨੀ ਅਤੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾ ਕੇ ਲੋਕ ਸਭਾ ਵਿੱਚ ਪੁੱਜੇ ਸਨ।
ਸ਼ੀਤਲ ਅੰਗੁਰਾਲ ਦੀ 2 ਸਾਲ ਬਾਅਦ ਭਾਜਪਾ 'ਚ ਵਾਪਸੀ ਹੋਈ ਹੈ। ਅੰਗੁਰਾਲ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਭਾਜਪਾ ਤੋਂ ਹੀ ਕੀਤੀ ਸੀ। ਉਹ ਜਲੰਧਰ ਵਿੱਚ ਭਾਜਪਾ ਦੇ ਬਹੁਤ ਸਰਗਰਮ ਆਗੂ ਸਨ। ਦੋ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਹ ਭਗਵੰਤ ਮਾਨ ਨੂੰ ਮਿਲੇ ਸਨ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਉਹ ‘ਆਪ’ ਦੀ ਟਿਕਟ ’ਤੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੋਂ ਚੋਣ ਲੜੇ ਅਤੇ ਕਾਂਗਰਸ ਦੇ ਸੁਸ਼ੀਲ ਰਿੰਕੂ ਨੂੰ ਹਰਾ ਕੇ ਵਿਧਾਇਕ ਬਣੇ। ਹੁਣ ਦੋ ਸਾਲਾਂ ਬਾਅਦ ਉਹ ਭਾਜਪਾ ਵਿੱਚ ਵਾਪਸ ਆਏ ਹਨ। ਅੰਗੁਰਲ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦੇ ਕਰੀਬੀ ਹਨ।
ਸ਼ੀਤਲ ਅੰਗੁਰਾਲ ਨੇ ਪ੍ਰੈੱਸ ਕਾਨਫਰੰਸ 'ਚ ਕੁਝ ਨਹੀਂ ਕਿਹਾ ਪਰ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ 'ਤੇ ਝੂਠਾ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਆਪ੍ਰੇਸ਼ਨ ਲੋਟਸ ਸਬੰਧੀ ਪ੍ਰੈਸ ਕਾਨਫਰੰਸ ਕਰਨਗੇ। ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਸ਼ੀਤਲ ਅੰਗੁਰਾਲ ਅਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਨੇ ਦੋਸ਼ ਲਾਇਆ ਸੀ ਕਿ 'ਆਪ' ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਦੇ ਬਦਲੇ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਹੁਣ ਸਵਾਲ ਇਹ ਹੈ ਕਿ ਕੀ ਉਦੋਂ ਸ਼ੀਤਲ ਅੰਗੁਰਲ ਝੂਠ ਬੋਲ ਰਹੇ ਸਨ। ਜੇਕਰ ਝੂਠ ਬੋਲ ਰਹੇ ਸੀ ਤਾਂ ਉਨ੍ਹਾਂ ਨੇ ਐਫਆਈਆਰ ਕਿਉਂ ਦਰਜ ਕਰਵਾਈ? ਇੰਨਾ ਹੀ ਨਹੀਂ ਇਸ ਮਾਮਲੇ ਵਿੱਚ ਵਿਜੀਲੈਂਸ ਕੋਲ ਬਿਆਨ ਵੀ ਦਰਜ ਕਰਵਾਏ ਗਏ, ਤਾਂ ਅੰਗੁਰਲ ਭਾਜਪਾ ਵਿੱਚ ਕਿਉਂ ਸ਼ਾਮਲ ਹੋਏ?ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਹੈ।