ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਮੰਡਲਗੜ੍ਹ ਤੋਂ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਵਿਵੇਕ ਧਾਕੜ ਨੇ ਆਪਣੇ ਹੱਥਾਂ ਦੀਆਂ ਨੱਸਾਂ ਕੱਟ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲੇ ਤੁਰੰਤ ਵਿਵੇਕ ਧਾਕੜ ਨੂੰ ਮਹਾਤਮਾ ਗਾਂਧੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸਾਬਕਾ ਵਿਧਾਇਕ ਨੇ ਖੁਦਕੁਸ਼ੀ ਕਿਉਂ ਕੀਤੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸਵੇਰ ਦੀ ਸੈਰ ਕਰਨ ਗਏ ਸਨ ਪਿਤਾ
ਜਾਣਕਾਰੀ ਮੁਤਾਬਕ ਕਾਂਗਰਸ ਨੇਤਾ ਵਿਵੇਕ ਧਾਕੜ ਨੇ ਵੀਰਵਾਰ ਸਵੇਰੇ ਖੁਦਕੁਸ਼ੀ ਕਰ ਲਈ। ਜਦੋਂ ਉਸ ਦੇ ਪਿਤਾ ਕਨ੍ਹਈਆ ਲਾਲ ਧਾਕੜ ਸਵੇਰ ਦੀ ਸੈਰ ਕਰਨ ਗਏ ਸਨ। ਜਦੋਂ ਉਹ ਘਰ ਪਰਤੇ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕੁਰਸੀ 'ਤੇ ਬੈਠਾ ਦੇਖਿਆ। ਉਨ੍ਹਾਂ ਦੇ ਦੇਹਾਂਤ ਨਾਲ ਸੂਬੇ ਭਰ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮੁੱਢਲੀ ਜਾਂਚ ਵਿੱਚ ਪੁਲਿਸ ਨੇ ਪਰਿਵਾਰਕ ਝਗੜੇ ਨੂੰ ਖੁਦਕੁਸ਼ੀ ਦਾ ਕਾਰਨ ਮੰਨਿਆ ਹੈ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣੋ ਕੌਣ ਹੈ ਵਿਵੇਕ ਧਾਕੜ
ਸਾਬਕਾ ਵਿਧਾਇਕ ਵਿਵੇਕ ਧਾਕੜ ਨੂੰ ਕਾਂਗਰਸ ਦਾ ਤਾਕਤਵਰ ਨੇਤਾ ਮੰਨਿਆ ਜਾਂਦਾ ਹੈ। ਵਿਵੇਕ ਧਾਕੜ 2019 ਵਿੱਚ ਮੰਡਲਗੜ੍ਹ ਸੀਟ ਤੋਂ ਉਪ ਚੋਣ ਵਿੱਚ ਵਿਧਾਇਕ ਚੁਣੇ ਗਏ ਸਨ। ਹਾਲਾਂਕਿ 2013, 2018 ਅਤੇ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।