ਅੰਮ੍ਰਿਤਸਰ 'ਚ ਮਦਰ ਡੇਅਰੀ ਦੇ ਆਈਸਕ੍ਰੀਮ ਡਿਸਟ੍ਰੀਬਿਊਟਰ ਦੇ ਦਫਤਰ 'ਚੋਂ 4 ਲੱਖ ਰੁਪਏ ਚੋਰੀ ਹੋ ਗਏ। ਘਟਨਾ ਸ਼ਨੀਵਾਰ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਆਈਸਕ੍ਰੀਮ ਡਿਸਟ੍ਰੀਬਿਊਟਰ ਨੇ ਦੱਸਿਆ ਕਿ ਚੋਰਾਂ ਨੇ ਨਾ ਸਿਰਫ 4 ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਸਗੋਂ ਕੋਲਡ ਸਟੋਰ ਦਾ ਦਰਵਾਜ਼ਾ ਵੀ ਖੁੱਲ੍ਹਾ ਛੱਡ ਦਿੱਤਾ। ਜਿਸ ਕਾਰਨ 4 ਲੱਖ ਰੁਪਏ ਦੇ ਸਾਮਾਨ ਦਾ ਵੀ ਨੁਕਸਾਨ ਹੋ ਗਿਆ।
ਕੋਲਡ ਸਟੋਰ ਦਾ ਦਰਵਾਜ਼ਾ ਛੱਡਿਆ ਖੁੱਲ੍ਹਾ
ਮਦਰ ਡੇਅਰੀ ਦੇ ਡਿਸਟ੍ਰੀਬਿਊਟਰ ਓਮ ਏਜੰਸੀ ਦੇ ਮਾਲਕ ਗੋਵਿੰਦਾ ਰਾਵੜੀ ਨੇ ਦੱਸਿਆ ਕਿ ਉਨ੍ਹਾਂ ਦਾ ਮਦਰ ਡੇਅਰੀ ਆਈਸਕ੍ਰੀਮ ਦੇ ਡਿਸਟ੍ਰੀਬਿਊਸ਼ਨ ਦਾ ਕੰਮ ਹੈ। ਚੋਰਾਂ ਨੇ ਪਹਿਲਾਂ ਸਟੋਰ ਰੂਮ ਦੀ ਤਲਾਸ਼ੀ ਲਈ, ਉੱਥੇ ਆਈਸਕ੍ਰੀਮ ਦੇ ਡੱਬੇ ਰੱਖੇ ਹੋਏ ਸਨ। ਜਿੱਥੋਂ ਉਨ੍ਹਾਂ ਨੂੰ ਕੁਝ ਨਾ ਮਿਲਿਆ ਅਤੇ ਸਟੋਰ ਰੂਮ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ। ਜਿਸ ਕਾਰਨ ਉੱਥੇ ਰੱਖੀ ਕਰੀਬ 4 ਲੱਖ ਰੁਪਏ ਦੀ ਆਈਸਕ੍ਰੀਮ ਪਿਘਲ ਗਈ।
ਦੋ ਦਿਨਾਂ ਦੀ ਕਮਾਈ ਲੈ ਗਏ ਚੋਰ
ਗੋਵਿੰਦਾ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਚੋਰ ਦਫਤਰ ਵੱਲ ਗਏ ਅਤੇ ਸ਼ੀਸ਼ੇ ਤੋੜ ਕੇ ਅੰਦਰ ਦਾਖਲ ਹੋਏ। ਗੱਲੇ ਵਿੱਚ ਰੱਖੇ ਦੋ ਦਿਨਾਂ ਦੀ ਕਮਾਈ ਦੇ 4.29 ਲੱਖ ਰੁਪਏ ਲੈ ਗਏ। ਫਿਲਹਾਲ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਥੋੜ੍ਹੀ ਦੂਰੀ 'ਤੇ ਹੈ ਏ.ਡੀ.ਸੀ.ਪੀ ਦਾ ਦਫ਼ਤਰ
ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ’ਤੇ ਏਡੀਸੀਪੀ ਦਾ ਦਫ਼ਤਰ ਹੈ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਸਕੈਨ ਕਰ ਰਹੇ ਹਨ। ਚੋਰਾਂ ਨੇ ਹਨੇਰੇ ਦਾ ਫਾਇਦਾ ਚੱਕ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।