ਕੈਨੇਡੀਅਨ ਪੁਲਸ ਨੇ ਕੁਝ ਦਿਨ ਪਹਿਲਾਂ ਗੈਂਗਸਟਰ ਅਰਸ਼ ਡੱਲਾ ਨੂੰ ਹਿਰਾਸਤ ਵਿੱਚ ਲਿਆ ਸੀ। ਹੁਣ ਇਸ ਦੀ ਪੁਸ਼ਟੀ ਹੋ ਗਈ ਹੈ। ਅਰਸ਼ ਡੱਲਾ ਦੇ ਨਾਲ ਉਸ ਦਾ ਇੱਕ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਵੀ ਪੁਲਸ ਦੀ ਹਿਰਾਸਤ ਵਿੱਚ ਹੈ। ਜਾਣਕਾਰੀ ਮੁਤਾਬਕ ਦੋਵਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਭਾਰਤ ਨੇ ਡੱਲਾ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ
2022 ਵਿੱਚ, ਗੈਂਗਸਟਰ ਅਤੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਆਪਰੇਟਿਵ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ਦੀਪ ਡੱਲਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ। ਪੰਜਾਬ ਦੇ ਮੋਗਾ ਤੋਂ ਕੈਨੇਡਾ ਜਾ ਕੇ ਲੁਕੇ ਅਰਸ਼ 'ਤੇ ਦੇਸ਼-ਵਿਦੇਸ਼ 'ਚ ਕਤਲ, ਫਿਰੌਤੀ ਅਤੇ ਘਿਨਾਉਣੇ ਅਪਰਾਧਾਂ ਤੋਂ ਇਲਾਵਾ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ।
ਦਰਅਸਲ 28 ਅਕਤੂਬਰ ਨੂੰ ਕੈਨੇਡਾ ਦੇ ਮਿਲਟਨ ਸ਼ਹਿਰ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ 29 ਅਕਤੂਬਰ ਨੂੰ ਉੱਥੋਂ ਦੀ ਸਥਾਨਕ ਪੁਲਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਉਦੋਂ ਮੁਲਜ਼ਮ ਦੀ ਪਛਾਣ ਨਹੀਂ ਦੱਸੀ ਗਈ ਸੀ। 28 ਅਕਤੂਬਰ ਨੂੰ ਹਾਲਟਨ 'ਚ ਹੋਈ ਗੋਲੀਬਾਰੀ 'ਚ ਅਰਸ਼ ਡੱਲਾ ਦੀ ਬਾਂਹ 'ਤੇ ਗੋਲੀ ਲੱਗੀ ਸੀ। ਅਰਸ਼ ਆਪਣੀ ਕਾਰ ਵਿੱਚ ਗੁਰਜੰਟ ਦੇ ਨਾਲ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਨੇੜੇ ਆ ਕੇ ਰੁਕੀ ਅਤੇ ਦੂਜੀ ਕਾਰ ਤੋਂ ਗੋਲੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਉਕਤ ਕਾਰ ਕਿਸੇ ਤਰ੍ਹਾਂ ਉਥੋਂ ਭਜਾ ਕੇ ਲੈ ਗਏ।
ਜਾਂਚ ਵਿੱਚ ਸਾਹਮਣੇ ਆਇਆ ਕਿ ਅਰਸ਼ ਡੱਲਾ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਦੇ ਕਾਰਤੂਸ ਪੁਲਿਸ ਨੇ ਬਰਾਮਦ ਕਰ ਲਏ ਹਨ। ਜਾਂਚ ਤੋਂ ਬਾਅਦ ਪੁਲਿਸ ਨੇ ਅਰਸ਼ ਦੇ ਘਰੋਂ ਕੁਝ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਅਰਸ਼ ਅਤੇ ਗੁਰਜੰਟ ਨੂੰ ਹਿਰਾਸਤ ਵਿੱਚ ਲੈ ਲਿਆ। ਦੋਵਾਂ ਨੂੰ ਪੁਲਿਸ ਨੇ 3 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਇਸ ਦੌਰਾਨ ਕੈਨੇਡੀਅਨ ਪੁਲਿਸ ਨੇ ਅਰਸ਼ ਦੇ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਉਸ ਕੋਲੋਂ ਇੱਕ ਰਾਈਫਲ ਸਮੇਤ ਕਈ ਹਥਿਆਰ ਬਰਾਮਦ ਕੀਤੇ। ਅਰਸ਼ ਡੱਲਾ ਕੋਲ ਇਨ੍ਹਾਂ ਵਿੱਚੋਂ ਕਿਸੇ ਵੀ ਹਥਿਆਰ ਦਾ ਲਾਇਸੈਂਸ ਨਹੀਂ ਸੀ।
ਪੁਲਸ ਨੇ ਕੀ ਬਰਾਮਦ ਕੀਤਾ?
ਅਰਸ਼ਦੀਪ ਦੇ ਘਰੋਂ ਇੱਕ ਹੈਂਡਗੰਨ ਬਰਾਮਦ ਹੋਈ ਹੈ, ਜਿਸ ਵਿੱਚ ਇੱਕ ਮੈਗਜ਼ੀਨ ਵੀ ਹੈ। ਇੱਕ ਬੈਗ ਵਿੱਚ ਰੱਖਿਆ ਹੋਇਆ ਸੀ। ਇਕ ਰਾਈਫਲ, ਇਕ ਸ਼ਾਟ ਗਨ, ਦੋ ਉੱਚ ਸਮਰੱਥਾ ਵਾਲੇ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ।