ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਆਦਮਪੁਰ ਵਿੱਚ ਸਵੇਰੇ-ਸਵੇਰੇ ਇੱਕ ਭਿਆਨਕ ਹਾਦਸੇ ਵਿਚ 5 ਸਾਲਾ ਬੱਚੀ ਦੀ ਮੌਤ ਹੋ ਗਈ। ਬੱਚੀ ਆਪਣੇ ਹੀ ਸਕੂਲ ਦੀ ਬੱਸ ਦੇ ਹੇਠਾਂ ਆ ਗਈ। ਸਕੂਲ ਬੱਸ ਐਸ ਡੀ ਪਬਲਿਕ ਸਕੂਲ ਦੀ ਹੈ। ਬੱਚੀ ਦੀ ਪਛਾਣ ਕੀਰਤ ਵਜੋਂ ਹੋਈ ਹੈ, ਜਿਸ ਦੀ ਉਮਰ ਸਿਰਫ 5 ਸਾਲ ਦੀ ਸੀ। ਹਾਦਸੇ ਤੋਂ ਬਾਅਦ ਬੱਚੀ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।
ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚੀ ਸਕੂਲ ਬੱਸ ਤੋਂ ਹੇਠਾਂ ਉਤਰ ਰਹੀ ਸੀ ਤਾਂ ਡਰਾਈਵਰ ਨੇ ਬੱਸ ਚਲਾ ਦਿੱਤੀ, ਜਿਸ ਕਾਰਨ ਬੱਚੀ ਸਕੂਲ ਬੱਸ ਦੇ ਹੇਠਾਂ ਆ ਗਈ। ਜਦੋਂ ਬੱਚੀ ਨੇ ਰੌਲਾ ਪਾਇਆ ਤਾਂ ਬੱਸ ਨੂੰ ਤੁਰੰਤ ਰੋਕ ਲਿਆ ਗਿਆ ਅਤੇ ਬੱਚੀ ਨੂੰ ਬੱਸ ਦੇ ਹੇਠੋਂ ਬਾਹਰ ਕੱਢਿਆ ਗਿਆ।
ਹਾਦਸੇ ਤੋਂ ਬਾਅਦ ਬੱਚੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ।