ਪਟਿਆਲਾ ਵਿਖੇ ਮਾਰਚ 'ਚ ਜਨਮ ਦਿਨ 'ਤੇ ਕੇਕ ਖਾਣ ਕਾਰਨ ਬੱਚੀ ਮਾਨਵੀ ਦੀ ਮੌਤ ਦੀ ਗੁੱਥੀ ਹਲੇ ਤਕ ਸੁਲਝ ਨਹੀਂ ਸਕੀ, ਕਿ ਹੁਣ ਇਸ ਨਾਲ ਮਿਲਦਾ ਜੁਲਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਥੇ ਐਕਸਪਾਏਰੀ ਚਾਕਲੇਟ ਖਾਣ ਕਾਰਨ ਡੇਢ ਸਾਲ ਦੀ ਬੱਚੀ ਦੀ ਸਿਹਤ ਵਿਗੜ ਗਈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਐਕਸਪਾਏਰੀ ਚਾਕਲੇਟ ਖਾਣ ਤੋਂ ਬਾਅਦ ਬੀਮਾਰ ਹੋ ਗਈ ਹੈ। ਉਸਨੂੰ ਖੂਨ ਦੀ ਉਲਟੀ ਆਉਣ ਲਗੀਆਂ।
ਦੱਸ ਦੇਈਏ ਕਿ ਪਰਿਵਾਰ ਦੇ ਵਿਰੋਧ ਤੋਂ ਬਾਅਦ ਸਿਹਤ ਵਿਭਾਗ ਨੇ ਦੁਕਾਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸੈਂਪਲ ਲਏ। ਦੁਕਾਨ ਵਿੱਚੋਂ ਐਕਸਪਾਏਰੀ ਵਸਤੂਆਂ ਬਰਾਮਦ ਹੋਈਆਂ। ਜਿਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਦੇ ਰਹਿਣ ਵਾਲੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਲੜਕੀਆਂ ਲਈ ਤੋਹਫੇ ਵਜੋਂ ਚਾਕਲੇਟ ਖਰੀਦੀ ਸੀ, ਜਿਸ ਕਾਰਨ ਡੇਢ ਸਾਲ ਦੀ ਰਾਵਿਆ ਅਤੇ ਉਸ ਦੀ 21 ਸਾਲਾ ਭੈਣ ਦੀ ਸਿਹਤ ਵਿਗੜ ਗਈ। ਲੜਕੀ ਦੇ ਮੂੰਹ 'ਚੋਂ ਖੂਨ ਨਿਕਲਣ ਤੋਂ ਬਾਅਦ ਉਸਨੂੰ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਡਾਕਟਰ ਨੇ ਜ਼ਹਿਰੀਲਾ ਪਦਾਰਥ ਖਾਣ ਦੀ ਕੀਤੀ ਪੁਸ਼ਟੀ
ਜਾਣਕਾਰੀ ਮੁਤਾਬਕ ਡਾਕਟਰਾਂ ਨੇ ਜ਼ਹਿਰੀਲੀ ਚੀਜ਼ ਖਾਣ ਦੀ ਪੁਸ਼ਟੀ ਕੀਤੀ ਹੈ। ਪਰਿਵਾਰ ਦੀ ਸ਼ਿਕਾਇਤ 'ਤੇ ਸਿਹਤ ਟੀਮ ਨੇ ਦੁਕਾਨ 'ਤੇ ਛਾਪਾ ਮਾਰ ਕੇ ਐਕਸਪਾਏਰੀ ਚਾਕਲੇਟਾਂ ਅਤੇ ਫਰੂਟ ਕੇਕ ਜ਼ਬਤ ਕੀਤਾ। ਜ਼ਿਲ੍ਹਾ ਸਿਹਤ ਅਫ਼ਸਰ ਡਾ: ਵਿਜੇ ਕੁਮਾਰ ਨੇ ਦੱਸਿਆ ਕਿ ਐਕਸਪਾਏਰੀ ਸਾਮਾਨ ਦੇ ਸੈਂਪਲ ਲੈਬੋਰਟਰੀ ਵਿੱਚ ਭੇਜ ਦਿੱਤੇ ਗਏ ਹਨ।