ਜਲੰਧਰ 'ਚ ਚੋਰ ਬਿਨਾਂ ਕਿਸੇ ਡਰ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਕਾਰਨ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਤਾਜ਼ਾ ਮਾਮਲਾ ਐਸਡੀ ਕਾਲਜ ਰੋਡ ਤੋਂ ਸਾਹਮਣੇ ਆਇਆ ਹੈ ਜਿਥੇ ਚੋਰਾਂ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਕਰੀਬ 20 ਲੱਖ ਰੁਪਏ ਦੀ ਚੋਰੀ ਕੀਤੀ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।
ਸਵਿਫਟ ਕਾਰ 'ਚ ਆਏ ਚੋਰੀ ਕਰਨ
ਜਾਣਕਾਰੀ ਮੁਤਾਬਕ ਕ੍ਰਿਸ਼ਨਾ ਮੈਡੀਕਲ ਤੇ VK ਬੁੱਕ ਡਿਪੂ 'ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿੱਥੇ ਤੜਕੇ ਕਰੀਬ ਸਾਢੇ ਤਿੰਨ ਵਜੇ ਸਵਿਫਟ ਕਾਰ ਵਿੱਚ ਆਏ ਚੋਰਾਂ ਨੇ ਦੋਵਾਂ ਦੁਕਾਨਾਂ ਵਿੱਚੋਂ ਕੀਮਤੀ ਸਮਾਨ ਚੋਰੀ ਕਰ ਲਿਆ। ਉੱਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਦੋਵਾਂ ਦੁਕਾਨਾਂ ਵਿੱਚੋਂ 20 ਲੱਖ ਰੁਪਏ ਦਾ ਸਾਮਾਨ ਚੋਰੀ
ਕ੍ਰਿਸ਼ਨਾ ਮੈਡੀਕਲ ਦੇ ਮਾਲਕ ਨੇ ਦੱਸਿਆ ਕਿ ਜਦੋਂ ਉਹ ਚੋਰੀ ਦੀ ਘਟਨਾ ਤੋਂ ਬਾਅਦ ਦੁਕਾਨ 'ਤੇ ਪਹੁੰਚਿਆ ਤਾਂ ਉਸ ਨੂੰ ਦੁਕਾਨ 'ਚੋਂ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਪਤਾ ਲੱਗਾ। VK ਬੁੱਕ ਡਿਪੂ ਦੇ ਮਾਲਕ ਅਨੁਸਾਰ ਕਰੀਬ 5 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।