ਪੰਜਾਬ ਸਰਕਾਰ ਨੇ 16 ਨਵੰਬਰ 2023 ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਭਲਕੇ ਪੰਜਾਬ ਵਿੱਚ ਸਰਕਾਰੀ ਛੁੱਟੀ ਰਹੇਗੀ।
ਅਜਿਹੇ 'ਚ 16 ਨਵੰਬਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਸਕੂਲ, ਕਾਲਜ ਅਤੇ ਦਫਤਰ ਬੰਦ ਰਹਿਣਗੇ।
ਕੌਣ ਸਨ ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਪੰਜਾਬ ਦੇ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਮੰਗਲ ਸਿੰਘ ਗਰੇਵਾਲ ਤੇ ਮਾਤਾ ਦਾ ਨਾਂ ਸਾਹਿਬ ਕੌਰ ਸੀ। ਸਰਾਭਾ ਦੇ ਬਚਪਨ ਦੇ ਪਹਿਲੇ ਕੁਝ ਸਾਲ ਪਿੰਡ ਵਿਚ ਹੀ ਬੀਤੇ, ਜਦੋਂ ਉਹ 8 ਕੁ ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਦਾਦਾ ਜੀ ਨੇ ਕਰਤਾਰ ਸਿੰਘ ਸਰਾਭਾ ਦਾ ਪਾਲਣ ਪੋਸ਼ਣ ਕੀਤਾ।
ਗਦਰ ਪਾਰਟੀ ਦੀ ਮੈਂਬਰਸ਼ਿਪ
ਸਰਾਭਾ ਨੇ 17 ਸਾਲ ਦੀ ਉਮਰ ਵਿੱਚ ਆਪਣੀ ਸੋਚ ਅਤੇ ਜਿਉਣ ਦਾ ਮਕਸਦ ਬਦਲ ਲਿਆ ਸੀ। 17 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਗਦਰ ਪਾਰਟੀ ਦੀ ਮੈਂਬਰਸ਼ਿਪ ਲੈ ਲਈ। ਉਹ ਗਦਰ ਮੈਗਜ਼ੀਨ ਦੇ ਸੰਪਾਦਕ ਵੀ ਰਹੇ, ਆਪਣੇ ਲੇਖਾਂ ਅਤੇ ਕਵਿਤਾਵਾਂ ਰਾਹੀਂ ਨੌਜਵਾਨਾਂ ਨੂੰ ਇਨਕਲਾਬ ਨਾਲ ਜੋੜਨ ਦਾ ਕੰਮ ਕੀਤਾ।
19 ਸਾਲ ਦੀ ਉਮਰ ਵਿੱਚ ਫਾਂਸੀ
16 ਨਵੰਬਰ 1915 ਨੂੰ ਅੰਗਰੇਜ਼ ਸਰਕਾਰ ਨੇ ਭਾਰਤ ਵਿੱਚ ਇੱਕ ਵੱਡੀ ਕ੍ਰਾਂਤੀਕਾਰੀ ਯੋਜਨਾ ਦੇ ਸਬੰਧ ਵਿੱਚ ਬਖਸ਼ੀਸ਼ ਸਿੰਘ, ਜਗਤ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਅਤੇ ਸੁਰੇਨ ਸਿੰਘ ਦੇ ਨਾਲ ਉਸ ਨੂੰ ਫਾਂਸੀ ਦੇ ਦਿੱਤੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 19 ਸਾਲ ਸੀ।