ਜਲੰਧਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਸਜਾਈ ਗਈ। ਇਸ ਦੌਰਾਨ ਬੂਟਾ ਮੰਡੀ ਵਿੱਚ ਰਵਿਦਾਸ ਧਾਮ ਵਿਖੇ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੇਲੇ ਵਿੱਚ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਵਿਧਾਇਕ ਪ੍ਰਗਟ ਸਿੰਘ ਅਤੇ ਭਾਜਪਾ ਆਗੂ ਵਿਜੇ ਸਾਂਪਲਾ ਗੁਰੂ ਰਵਿਦਾਸ ਧਾਮ ਪਹੁੰਚੇ ਤੇ ਮੱਥਾ ਟੇਕਿਆ।
ਗੁਰੂ ਮਹਾਰਾਜ ਜੀ ਦੀ ਜਯੰਤੀ ਲਈ ਉਤਸ਼ਾਹ - ਐਮ.ਪੀ. ਚੰਨੀ
ਇਸ ਮੌਕੇ ਐਮ.ਪੀ. ਚੰਨੀ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸੰਗਤਾਂ ਵਿਚ ਬਹੁਤ ਉਤਸ਼ਾਹ ਹੈ। ਸ਼ਹਿਰ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਮੈਂ ਇਸ ਸ਼ੁਭ ਦਿਨ 'ਤੇ ਸਾਰੀ ਸੰਗਤ ਨੂੰ ਵਧਾਈਆਂ ਦਿੰਦਾ ਹਾਂ।
ਸ਼ੋਭਾ ਯਾਤਰਾ ਲੋਕਾਂ ਲਈ ਪ੍ਰੇਰਨਾ ਸਰੋਤ - ਵਿਧਾਇਕ ਪਰਗਟ
ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਸ਼ੋਭਾ ਯਾਤਰਾ ਸਮੂਹ ਭਾਈਚਾਰੇ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਪੰਜਾਬ ਧਰਮ ਰਾਹੀਂ ਚੰਗੀ ਦਿਸ਼ਾ ਵੱਲ ਵਧ ਰਿਹਾ ਹੈ। ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜਲੰਧਰ ਸ਼ਹਿਰ ਵਿਚ ਪੁਲਸ ਨੇ ਕਈ ਥਾਵਾਂ ਤੋਂ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਹੈ। ਸੁਰੱਖਿਆ ਲਈ ਸ਼ਹਿਰ ਵਿੱਚ 1000 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਬਾਬਾ ਜੀ ਦੀ ਕਿਰਪਾ ਨਾਲ ਸਮਾਜ ਤਰੱਕੀ ਦੀ ਰਾਹ 'ਤੇ - ਸਾਂਪਲਾ
ਇਸ ਦੌਰਾਨ ਭਾਜਪਾ ਨੇਤਾ ਵਿਜੇ ਸਾਂਪਲਾ ਨੇ ਲੋਕਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਬੂਟਾ ਮੰਡੀ ਸਥਿਤ ਸ਼੍ਰੀ ਗੁਰੂ ਰਵਿਦਾਸ ਧਾਮ ਵਿਖੇ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਕਿਰਪਾ ਨਾਲ ਸਮਾਜ ਤਰੱਕੀ ਦੀ ਰਾਹ 'ਤੇ ਅੱਗੇ ਵਧ ਰਿਹਾ ਹੈ। ਸ਼ਰਧਾਲੂਆਂ ਵਿੱਚ ਬਹੁਤ ਉਤਸ਼ਾਹ ਹੈ। ਇਸ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਅਤੇ ਸ਼ਰਧਾਲੂ ਦੂਰ ਦੂਰ ਤੋਂ ਪਵਿੱਤਰ ਅਸਥਾਨ 'ਤੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ।
ਸ਼ੋਭਾ ਯਾਤਰਾ ਦਾ ਰੂਟ
ਜਲੰਧਰ ਵਿਚ ਸਜਾਈ ਜਾ ਰਹੀ ਸ਼ੋਭਾ ਯਾਤਰਾ ਦਾ ਰੂਟ ਇਸ ਤਰ੍ਹਾਂ ਹੈ- ਬੂਟਾ ਮੰਡੀ, ਸ਼੍ਰੀ ਗੁਰੂ ਰਵਿਦਾਸ ਚੌਕ, ਡਾ. ਅੰਬੇਡਕਰ ਚੌਕ (ਨਕੋਦਰ ਚੌਕ), ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ), ਸ਼੍ਰੀ ਰਾਮ ਚੌਕ (ਪੀਐਨਬੀ ਚੌਕ) ਮਿਲਾਪ ਚੌਕ, ਸ਼ਹੀਦ ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਤੋਂ ਹੁੰਦੀ ਹੋਈ ਗੁਰੂ ਰਵਿਦਾਸ ਚੌਕ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਸਮਾਪਤ ਹੋਵੇਗੀ।