ਖਬਰਿਸਤਾਨ ਨੈੱਟਵਰਕ- ਜਲੰਧਰ ਵਿਚ ਇਕ ਵਾਰ ਫਿਰ ਬੱਚਾ ਕਿਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰਾਮਾ ਮੰਡੀ ਪੁਲਸ ਸਟੇਸ਼ਨ ਅਧੀਨ ਆਉਂਦੇ ਕਿਸ਼ਨਪੁਰਾ ਇਲਾਕੇ ਵਿੱਚ 12 ਸਾਲਾ ਵਿਦਿਆਰਥੀ ਨੂੰ ਅਣਪਛਾਤਿਆਂ ਵਲੋਂ ਅਗਵਾ ਕਰ ਲਿਆ ਗਿਆ। ਰਿਪੋਰਟਾਂ ਅਨੁਸਾਰ ਅਜੀਤ ਨਗਰ ਗਲੀ ਨੰਬਰ 10 ਦੇ ਰਹਿਣ ਵਾਲੇ ਰਾਜੀਵ ਕੁਮਾਰ ਰਾਣਾ ਦਾ ਪੁੱਤਰ ਆਮ ਵਾਂਗ ਸਕੂਲ ਜਾ ਰਿਹਾ ਸੀ ਕਿ ਕਿਸੇ ਨੇ ਉਸਦੇ ਮੂੰਹ 'ਤੇ ਰੁਮਾਲ ਰੱਖ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ।
ਬੱਚੇ ਨੇ ਹਿੰਮਤ ਦਿਖਾਉਂਦੇ ਹੋਏ ਖੁਦ ਬਚਾਈ ਆਪਣੀ ਜਾਨ
ਹੋਸ਼ ਵਿੱਚ ਆਉਣ 'ਤੇ ਬੱਚੇ ਨੇ ਆਪਣੇ ਆਪ ਨੂੰ ਇੱਕ ਟਰੱਕ ਦੇ ਅੰਦਰ ਬੰਦ ਪਾਇਆ। ਉਸ ਨੇ ਹਿੰਮਤ ਜੁਟਾਈ, ਟਰੱਕ ਦੇ ਪਿਛਲੇ ਹਿੱਸੇ ਨਾਲ ਲੱਗੀ ਤਰਪਾਲ ਖੋਲ੍ਹੀ ਅਤੇ ਮੌਕੇ 'ਤੇ ਬਾਹਰ ਛਾਲ ਮਾਰ ਦਿੱਤੀ। ਇਸ ਦੌਰਾਨ, ਪਿੱਛੇ ਆ ਰਹੀ ਇੱਕ ਕਾਰ ਵਿੱਚ ਸਵਾਰ ਇੱਕ ਡਾਕਟਰ ਨੇ ਗੱਡੀ ਰੋਕੀ ਬੱਚੇ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਸ ਨੂੰ ਈ-ਰਿਕਸ਼ਾ ਵਿੱਚ ਘਰ ਭੇਜ ਦਿੱਤਾ।
ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਘਰ ਪਹੁੰਚਣ 'ਤੇ ਬੱਚੇ ਨੇ ਆਪਣੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ। ਇਸ ਦੌਰਾਨ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਅਜਿਹਾ ਕੁਝ ਵੀ ਨਹੀਂ ਲੱਗਦਾ ਹੈ। ਹਾਲਾਂਕਿ, ਪਰਿਵਾਰ ਅਤੇ ਬੱਚੇ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾਵੇਗੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਜਾਵੇਗਾ।